ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 30 ਨਬੰਬਰ
ਕੰਢੀ ਖੇਤਰ ਦੇ ਜਨ-ਜੀਵਨ ਨਾਲ ਸਬੰਧਤ ਨਾਵਲ ‘ਪਥਰਾਟ’ ਨਾਲ ਚਰਚਿਤ ਹੋਏ ਲੇਖਕ ਪ੍ਰਿੰਸੀਪਲ ਡਾ. ਧਰਮਪਾਲ ਸਾਹਿਲ ਦਾ ਨਵਾਂ ਨਾਵਲ “ਮਣ੍ਹੇ” ਮੁੜ ਚਰਚਾ ਵਿੱਚ ਹੈ। ਇਹ ਖੂਬਸੂਰਤ ਬਹੁਪਰਤੀ ਨਾਵਲ ਖੁਦਕੁਸ਼ੀ ਦੀ ਥਾਂ ਫਸਲ ਅਤੇ ਨਸਲ ਲਈ ਸੰਘਰਸ਼ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਤਹਿਪੁਰ ਖੁਰਦ ਵਿੱਚ ਨਾਮਵਰ ਲੇਖਕ ਡਾ. ਸਾਹਿਲ ਦੇ ਨਾਵਲ ‘ਮਣ੍ਹੇ’ ਸਬੰਧੀ ਵਿਚਾਰ-ਗੋਸ਼ਟੀ ਦੌਰਾਨ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਬਲਜਿੰਦਰ ਮਾਨ ਨੇ ਕੀਤਾ। ਸ੍ਰੀ ਮਾਨ ਨੇ ਇਸ ਆਂਚਲਿਕ ਰਚਨਾ ਲਈ ਲੇਖਕ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਵਿਜੈ ਭੱਟੀ ਨੇ ਡਾ. ਸਾਹਿਲ ਦੇ ਜੀਵਨ ਅਤੇ ਰਚਨਾ ਸੰਸਾਰ ਬਾਰੇ ਜਾਣ-ਪਛਾਣ ਕਰਵਾਈ। ਲੇਖਕ ਅਮਰੀਕ ਸਿੰਘ ਦਿਆਲ ਨੇ ਨਾਵਲ ਸਬੰਧੀ ਪਰਚਾ ਪੜ੍ਹਦਿਆਂ ਡਾ. ਸਾਹਿਲ ਵਲੋਂ ਆਪਣੀਆਂ ਲਿਖਤਾਂ ਰਾਹੀਂ ਕੰਢੀ ਖੇਤਰ ਦੀ ਬੋਲੀ, ਸੱਭਿਆਚਾਰ, ਰਹੁ-ਰੀਤਾਂ, ਬਨਸਪਤੀ ਨੂੰ ਰੂਪਮਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਨਾਵਲ ਦੇ ਪਾਤਰ ਚੰਚਲੋ, ਕੁੰਜ ਕੁਮਾਰ, ਰੌਸ਼ਨੀ ਆਦਿ ਅਜੋਕੇ ਸਮਾਜ ਲਈ ਰਾਹ-ਦਸੇਰੇ ਹਨ। ਇਸ ਮੌਕੇ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਜਗਤਾਰ ਸਿੰਘ ਕੋਟ ਫਤੂਹੀ ਅਤੇ ਸੰਗੀਤਕਾਰ ਸੁਖਦੇਵ ਨਡਾਲੋਂ ਨੇ ਡਾ. ਸਾਹਿਲ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਅਤੇ ‘ਮਣ੍ਹੇ’ ਨਾਵਲ ਨੂੰ ਅਜੋਕੇ ਦੌਰ ਦਾ ਸ਼ੀਸ਼ਾ ਦੱਸਿਆ। ਹਾਜ਼ਰੀਨ ਅਤੇ ਵਿਦਿਆਰਥੀਆਂ ਵੱਲੋਂ ਡਾ. ਸਾਹਿਲ ਨੂੰ ਸਵਾਲ ਵੀ ਪੁੱਛੇ ਗਏ। ਗੋਸ਼ਟੀ ਵਿੱਚ ਸੁਖਮਨ ਆਰਟਿਸਟ, ਵਿਦਿਆਰਥੀ ਅਤਟ ਸਟਾਫ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਵਿੱਤਰ ਕੌਰ ਨੇ ਬਾਖੂਬੀ ਨਿਭਾਈ।