ਅਲ ਰਯਾਨ, 30 ਨਵੰਬਰ
ਇੰਗਲੈਂਡ ਨੇ ਮੰਗਲਵਾਰ ਦੇਰ ਰਾਤ ਵੇਲਜ਼ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਇੰਗਲੈਂਡ ਲਈ ਮਾਰਕਸ ਰਸ਼ਫੋਰਡ ਨੇ 50ਵੇਂ ਅਤੇ 68ਵੇਂ ਮਿੰਟ ਅਤੇ ਫਿਲ ਫੋਡੇਨ ਨੇ 51ਵੇਂ ਮਿੰਟ ਵਿੱਚ ਗੋਲ ਕੀਤੇ। ਗਰੁੱਪ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਇੰਗਲੈਂਡ ਦੀ ਟੀਮ ਹੁਣ ਐਤਵਾਰ ਨੂੰ ਸੁਪਰ 16 ਦੇ ਨਾਕਆਊਟ ਗੇੜ ਵਿੱਚ ਸੈਨੇਗਲ ਦੇ ਸਾਹਮਣੇ ਹੋਵੇਗੀ। ਉਧਰ ਵੇਲਜ਼ ਦੀ ਟੀਮ ਗਰੁੱਪ ਵਿੱਚ ਆਖਰੀ ਸਥਾਨ ’ਤੇ ਰਹਿ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਰਸ਼ਫੋਰਡ ਨੇ ਗੋਲ ਕਰਨ ਤੋਂ ਬਾਅਦ ਗੋਡਿਆਂ ਭਾਰ ਬੈਠ ਕੇ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਅੱਜ ਦੇ ਦੋ ਗੋਲਾਂ ਦੀ ਬਦੌਲਤ ਇਸ ਵਿਸ਼ਵ ਕੱਪ ਵਿੱਚ ਰਸ਼ਫੋਰਡ ਦੇ ਕੁੱਲ ਤਿੰਨ ਗੋਲ ਹੋ ਗਏ ਹਨ। ਇਸ ਤਰ੍ਹਾਂ ਉਹ ਫਰਾਂਸ ਦੇ ਸਟ੍ਰਾਈਕਰ ਐਮਬਾਪੇ ਤੇ ਹੋਰ ਦੋ ਖਿਡਾਰੀਆਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ। -ਏਪੀ