ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਧੀਆਂ ਸ਼ਕਤੀ ਦਾ ਸਰੂਪ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਧੀਆਂ ਦੇ ਦਮ ਨੂੰ ਖੇਡਾਂ ਰਾਹੀਂ ਸਾਰੀ ਦੁਨੀਆ ਨੇ ਦੇਖਿਆ ਹੈ। ਇਹ ਸੰਦੇਸ਼ ਸਮਾਜ ਵਿੱਚ ਦੇਣ ਲਈ ਸਾਨੂੰ ਸਾਰਿਆਂ ਨੂੰ ਧੀਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਥੇ ਹਰਿਆਣਾ ਰਾਜ ਭਵਨ ’ਚ ਆਸ਼ਾ ਵਰਕਰਾਂ, ਡਾਕਟਰਾਂ ਅਤੇ ਖਿਡਾਰਨਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਪ੍ਰਗਟਾਵਾ ਕੀਤਾ।
ਸ੍ਰੀਮਤੀ ਮੁਰਮੂ ਨੇ ਕਿਹਾ,‘‘ਅੱਜ ਦੇ ਸਮੇਂ ਵਿੱਚ ਮਰਦਾਂ ਅਤੇ ਔਰਤਾਂ ਨੂੰ ਨਾਲ ਚੱਲਣ ਦੀ ਲੋੜ ਹੈ ਤਾਂ ਹੀ ਸਮਾਜ ਅਤੇ ਦੇਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਔਰਤਾਂ ਨੂੰ ਆਪਣੇ ਜੀਵਨ ਵਿੱਚ ਮਰਦਾਂ ਦੇ ਮੁਕਾਬਲੇ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਰਿਵਾਰ, ਸਮਾਜ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੇਟੀਆਂ ਨੂੰ ਪੜ੍ਹਾ-ਲਿਖਾ ਕੇ ਅੱਗੇ ਵਧਾਇਆ ਜਾਵੇ।’’ ਉਨ੍ਹਾਂ ਲਿੰਗ ਜਾਂਚ ਕਰਨ ਵਾਲੇ ਅਲਟਰਾਸਾਊਂਡ ਕੇਂਦਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਤਾਂ ਜੋੋ ਗਰਭਪਾਤ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਘਿਨਾਉਣਾ ਕੰਮ ਕਿਸੇ ਨੂੰ ਨਹੀਂ ਕਰਨ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਲੜਕੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਤਜਰਬਿਆਂ ਨੂੰ ਸੁਣਿਆ। ਇਸ ਦੌਰਾਨ ਤਿੰਨ ਵਾਰ ਮਾਊਂਟ ਐਵਰੈਸਟ ’ਤੇ ਤਿਰੰਗਾ ਲਹਿਰਾਉਣ ਵਾਲੀ ਹਿਸਾਰ ਜ਼ਿਲ੍ਹੇ ਦੀ ਅਨੀਤਾ ਕੁੰਡੂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਧੀਆਂ ਦਾ ਜਨਮ ਹੋਣ ’ਤੇ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਸੀ ਪਰ ਅੱਜ ਸੂਬੇ ’ਚ ਇਹ ਰੁਝਾਨ ਬਦਲ ਗਿਆ ਹੈ ਅਤੇ ਹੁਣ ਧੀਆਂ ਦੇ ਜਨਮ ’ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਬੇਟੀਆਂ ਨੂੰ ਪੜ੍ਹਾਉਣ ਅਤੇ ਅੱਗੇ ਵਧਾਉਣ ਵਿਚ ਪੂਰਾ ਸਹਿਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੀ ਬੇਟੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ, ਤਾਂ ਜੋ ਉਹ ਆਪਣੇ ਜੀਵਨ ਵਿਚ ਰਿਕਾਰਡ ਸਥਾਪਤ ਕਰਕੇ ਪਰਿਵਾਰ, ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।