ਐਡੀਲੇਡ, 30 ਨਵੰਬਰ
ਭਾਰਤ ਨੇ ਅੱਜ ਤੀਜੇ ਹਾਕੀ ਮੈਚ ਵਿੱਚ ਆਖਰੀ ਮਿੰਟ ’ਚ ਗੋਲ ਕਰ ਕੇ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੂੰ 4-3 ਨਾਲ ਹਰਾ ਦਿੱਤਾ। ਇਹ ਭਾਰਤ ਦੀ ਆਸਟਰੇਲੀਆ ਵਿੱਚ 13 ਸਾਲਾਂ ਦੌਰਾਨ ਪਹਿਲੀ ਜਿੱਤ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਹਰਾਇਆ ਸੀ। ਇਸ ਜਿੱਤ ਨਾਲ ਪੰਜ ਮੈਚਾਂ ਦੀ ਇਸ ਲੜੀ ’ਚ ਭਾਰਤ ਦੀਆਂ ਉਮੀਦਾਂ ਬਰਕਰਾਰ ਹਨ। ਲੜੀ ਵਿੱਚ ਆਸਟਰੇਲੀਆ 2-1 ਨਾਲ ਅੱਗੇ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 12ਵੇਂ ਮਿੰਟ, ਅਭਿਸ਼ੇਕ ਨੇ 47ਵੇਂ, ਸ਼ਮਸ਼ੇਰ ਸਿੰਘ ਨੇ 57ਵੇਂ ਅਤੇ ਆਕਾਸ਼ਦੀਪ ਸਿੰਘ ਨੇ 60ਵੇਂ ਮਿੰਟ ਵਿੱਚ ਗੋਲ ਕੀਤੇ। ਆਸਟਰੇਲੀਆ ਵੱਲੋਂ ਜੈਕ ਵੇਲਚ ਨੇ 25ਵੇਂ, ਕਪਤਾਨ ਅਰਾਨ ਜ਼ਾਲੇਵਸਕੀ ਨੇ 32ਵੇਂ ਅਤੇ ਨਾਥਨ ਇਫਰੌਮਸ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ।
ਇਸ ਦੌਰਾਨ 12ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਜ਼ਰੀਏ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ ਪਰ ਵੇਲਚ ਨੇ 25ਵੇ ਮਿੰਟ ਵਿੱਚ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਕਪਤਾਨ ਜ਼ਾਲੇਵਸਕੀ ਨੇ 32ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰ ਦਿੱਤਾ। ਚੌਥੇ ਅਤੇ ਆਖਰੀ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਵੀ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਹਰਮਨਪ੍ਰੀਤ ਦੀ ਫਲਿਕ ਨੂੰ ਅਭਿਸ਼ੇਕ ਨੇ ਗੋਲ ਵਿੱਚ ਤਬਦੀਲ ਕਰ ਦਿੱਤਾ।
ਭਾਰਤ ਨੇ ਆਖਰੀ ਕੁਆਰਟਰ ਵਿੱਚ ਆਸਟਰੇਲੀਆ ’ਤੇ ਦਬਾਅ ਬਣਾਇਆ ਅਤੇ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। ਇਸ ਦੌਰਾਨ ਜੁਗਰਾਜ ਦੀ ਸ਼ੁਰੂਆਤੀ ਕੋਸ਼ਿਸ਼ ਨੂੰ ਆਸਟਰੇਲੀਆ ਦੇ ਗੋਲਕੀਪਰ ਨੇ ਨਾਕਾਮ ਕਰ ਦਿੱਤਾ ਪਰ ਨੇੜੇ ਖੜ੍ਹੇ ਸ਼ਮਸ਼ੇਰ ਨੇ ਸਹੀ ਸਮੇਂ ’ਤੇ ਗੇਂਦ ਨੂੰ ਨੈੱਟ ਵੱਲ ਦਿਸ਼ਾ ਦਿਖਾ ਦਿੱਤੀ। ਮਗਰੋਂ ਨਾਥਨ ਇਫਰੌਮਸ ਨੇ 59ਵੇਂ ਮਿੰਟ ਗੋਲ ਕਰ ਕੇ ਸਕੋਰ ਮੁੜ ਬਰਾਬਰ ਕਰ ਦਿੱਤਾ। ਮੈਚ ਖ਼ਤਮ ਹੋਣ ਲਈ ਜਦੋਂ ਸਿਰਫ 54 ਸੈਕਿੰਡ ਬਚੇ ਸਨ ਤਾਂ ਆਕਾਸ਼ਦੀਪ ਨੇ ਗੋਲ ਕਰ ਕੇ ਭਾਰਤ ਨੂੰ ਵੱਡੀ ਜਿੱਤ ਦਿਵਾਈ। -ਪੀਟੀਆਈ