ਦਿਲਬਾਗ ਸਿੰਘ ਗਿੱਲ
ਅਟਾਰੀ, 23 ਜਨਵਰੀ
ਕਿਸਾਨਾਂ ਦੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਅਟਾਰੀ ਇਲਾਕੇ ਦੇ 45 ਪਿੰਡਾਂ ਨੂੰ ਛਿੱਡਣ ਟੌਲ ਪਲਾਜ਼ੇ ’ਤੇ ਟੌਲ ਤੋਂ ਛੋਟ ਦਿਵਾਈ ਹੈ। ਕਿਸਾਨ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ 45 ਪਿੰਡਾਂ ਵਿੱਚੋਂ ਆਏ ਪੰਚਾਂ, ਸਰਪੰਚਾਂ ਤੇ ਨੰਬਰਦਾਰਾਂ ’ਤੇ ਅਧਾਰਿਤ 93 ਮੈਂਬਰੀ ਸਾਂਝਾ ਵਫ਼ਦ ਬਾਬਾ ਅਰਜਨ ਸਿੰਘ ਪ੍ਰਧਾਨ, ਨਿਰਮਲ ਸਿੰਘ ਮੋਦੇ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚੀਚਾ ਤੇ ਗੁਰਦੇਵ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਛਿੱਡਣ ਟੌਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨੂੰ ਮਿਲਿਆ। ਕਿਸਾਨ ਜਥੇਬੰਦੀ ਦੇ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅਕਤੂਬਰ 2020 ਤੋਂ ਦਸੰਬਰ 21 ਤੱਕ ਕੀਤੇ ਲਗਾਤਾਰ ਸੰਘਰਸ਼ ਉਪਰੰਤ ਟੌਲ ਤੋਂ 45 ਪਿੰਡਾਂ ਨੂੰ ਟੌਲ ਫਰੀ ਕਰਨ ਸਬੰਧੀ ਮੰਗ ਕੀਤੀ ਜੋ ਅਧਿਕਾਰੀਆਂ ਨੇ ਬਿਨਾਂ ਸ਼ਰਤ ਪ੍ਰਵਾਨ ਕਰ ਲਈ ਹੈ। ਜਿਸ ’ਤੇ ਇਲਾਕੇ ਦੇ ਲੋਕਾਂ ਨੇ ਟੌਲ ਕੰਪਨੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ 26 ਜਨਵਰੀ ਨੂੰ ਜੀਂਦ (ਹਰਿਆਣਾ) ਤੇ 29 ਜਨਵਰੀ ਨੂੰ ਜਥੇਬੰਦੀ ਦੀ ਪਿੰਡ ਸੈਦਪੁਰ ਨੇੜੇ ਮਹਿਤਾ ਵਿੱਚ ਹੋਣ ਵਾਲੀ ਜ਼ਿਲ੍ਹਾ ਕਾਨਫ਼ਰੰਸ ਵਿੱਚ ਪਹੁੰਚਣ ਦਾ ਫੈਸਲਾ ਕੀਤਾ।