ਪੱਤਰ ਪ੍ਰੇਰਕ
ਮਾਨਸਾ/ਬੁਢਲਾਡਾ, 23 ਜਨਵਰੀ
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ-17 ਦੇ ਮਾਸੂਮ ਬੱਚੇ ਏਕਮ ਸਿੰਘ (6) ਦੀ ਮੌਤ ਸਬੰਧੀ ਤਿੰਨ ਦਿਨਾਂ ਤੋਂ ਆਰੰਭੇ ਹੋਏ ਸੰਘਰਸ਼ ਦਾ ਮਾਮਲਾ ਸੁਲਝ ਗਿਆ ਹੈ। ਜਿਹੜੀਆਂ ਮੰਗਾਂ ਲਈ ਐਕਸ਼ਨ ਕਮੇਟੀ ਸਮੇਤ ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਮੋਰਚਾ ਆਰੰਭ ਕੀਤਾ ਸੀ, ਉਨ੍ਹਾਂ ਨੂੰ ਪ੍ਰਸ਼ਾਸਨ ਨੇ ਪ੍ਰਵਾਨ ਕਰਦਿਆਂ ਲਿਖਤੀ ਸਹਿਮਤੀ ਦੇ ਦਿੱਤੀ ਹੈ। ਪ੍ਰਸ਼ਾਸਨ ਦੇ ਝੁਕਣ ਤੋਂ ਬਾਅਦ ਜਥੇਬੰਦੀਆਂ ਨੇ ਰੈਲੀ ਕਰਦਿਆਂ ਸੰਘਰਸ਼ ਨੂੰ ਸਮਾਪਤ ਕਰਨ ਦਾ ਮੰਚ ਤੋਂ ਐਲਾਨ ਕੀਤਾ। ਐਕਸ਼ਨ ਕਮੇਟੀ ਅਤੇ ਪੁਲੀਸ-ਪ੍ਰਸ਼ਾਸਨ ਦਰਮਿਆਨ ਦੇਰ ਰਾਤ 12 ਵਜੇ ਤੱਕ ਚੱਲੀ ਕਸ਼ਮਕਸ਼ ਵਿੱਚ ਸਮਝੌਤੇ ਦੀ ਗੱਲ ਸਿਰੇ ਚੜ੍ਹ ਗਈ ਹੈ,ਜਿਸ ਮੁਤਾਬਕ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 5 ਲੱਖ ਰੁਪਏ, ਜਿਸ ਵਿੱਚ ਤਿੰਨ ਲੱਖ ਨਕਦ ਅਤੇ ਦੋ ਲੱਖ ਦਾ ਚੈੱਕ ਹੈ, ਦੀ ਆਰਥਿਕ ਮੱਦਦ ਮੌਕੇ ’ਤੇ ਸੌਂਪ ਦਿੱਤੀ ਹੈ ਅਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਹੈ ਕਿ ਪੰਜ ਲੱਖ ਰੁਪਏ ਦਾ ਕੇਸ ਬਣਾ ਕੇ ਮੁੱਖ ਮੰਤਰੀ ਪੰਜਾਬ ਤੱਕ ਭੇਜ ਕੇ ਆਰਥਿਕ ਮਦਦ ਦਿਵਾਉਣਗੇ। ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮਾਸੂਮ ਬੱਚੇ ਦੀ ਮੌਤ ਸਬੰਧੀ ਪੁਲੀਸ ਵੱਲੋਂ ਜਾਂਚ ਪੜਤਾਲ ਕਰਕੇ ਜ਼ਿੰਮੇਵਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੀਵਨ ਕਲੌਨੀ ਵਿੱਚ ਸੀਵਰੇਜ ਅਤੇ ਪੱਕੇ ਰਸਤੇ ਵਿਕਾਸ ਕੰਮ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ।
ਦੋਵਾਂ ਧਿਰਾਂ ਵਿੱਚ ਬਣੀ ਸਹਿਮਤੀ ਤੋਂ ਬਾਅਦ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਨੇ ਓਵਰਬ੍ਰਿਜ ਦਾ ਰਸਤਾ ਖੋਲ੍ਹ ਦਿੱਤਾ ਅਤੇ ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪੰਜ ਲੱਖ ਮੁਆਵਜ਼ਾ ਦਿਵਾਉਣ ਸਬੰਧੀ ਦੋ ਵੱਖ-ਵੱਖ ਪੱਤਰ ਸੌਂਪੇ ਗਏ।
ਇਸ ਮੌਕੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਪਾਲ ਸਿੰਘ ਬਰੇ, ਦਿਲਬਾਗ ਸਿੰਘ ਕਲੀਪੁਰ, ਬਾਬੂ ਸਿੰਘ ਬਰੇ, ਜਗਸੀਰ ਸਿੰਘ ਰਾਏਕੇ, ਸ਼ੇਰ ਸਿੰਘ ਸ਼ੇਰ ਨੇ ਵੀ ਸੰਬੋਧਨ ਕੀਤਾ।