ਸ੍ਰੀ ਗੋਇੰਦਵਾਲ ਸਾਹਿਬ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਲੰਘੀ ਜੇਲ੍ਹ ਅਧਿਕਾਰੀਆਂ ਵੱਲੋਂ ਇਕ ਹਵਾਲਾਤੀ ਦੀ ਤਲਾਸ਼ੀ ਦੌਰਾਨ ਜੇਲ੍ਹ ਅੰਦਰ ਸੁੱਟੇ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ ਗਿਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਜੇ ਕੁਮਾਰ ਨੇ ਦੱਸਿਆ ਕਿ ਜੇਲ੍ਹ ਅਧਕਾਰੀਆਂ ਵੱਲੋਂ ਸ਼ਾਮ 6.30 ਵਜੇ ਦੇ ਕਰੀਬ ਜੇਲ੍ਹ ਦਾ ਰਾਊਂਡ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਬੈਰਕ ਨੰਬਰ ਦੋ ਦੇ ਪਿਛਲੇ ਪਾਸੇ ਲੁਕ ਕੇ ਬੈਠੇ ਇੱਕ ਹਵਾਲਾਤੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਕੱਪੜੇ ਵਿੱਚ ਬੰਨ੍ਹਿਆ ਹੋਇਆ ਸਾਮਾਨ ਬਰਾਮਦ ਹੋਇਆ। ਹਵਲਾਤੀ ਦੀ ਪਛਾਣ ਜੁਝਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਉਕਤ ਹਵਾਲਤੀ ਬੈਰਕ ਨੰਬਰ 3 ਦੀ ਕੰਧ ਟੱਪਕੇ ਉਕਤ ਸਾਮਾਨ ਲੈ ਕੇ ਆਇਆ ਸੀ। ਜੋ ਕਿ ਸਰਦੂਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਸੁਰਸਿੰਘ ਵੱਲੋਂ ਆਪਣੇ ਸਾਥੀਆ ਕੋਲੋ ਜੇਲ੍ਹ ਅੰਦਰ ਸੁਟਵਾਇਆ ਗਿਆ ਸੀ। ਕੱਪੜੇ ਦੀ ਤਲਾਸ਼ੀ ਲੈਣ ਦੌਰਾਨ ਉਸ ’ਚੋਂ ਇਕ ਫੋਨ, ਤਿੰਨ ਅਡਾਪਟਰ, ਡਾਟਾ ਕੇਬਲ, 14 ਤੰਬਾਕੂ ਦੀਆਂ ਪੁੜੀਆ, 155 ਬੀੜੀਆਂ ਦੇ ਬੰਡਲ ਬਰਾਮਦ ਹੋਏ। ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈੈ। -ਪੱਤਰ ਪ੍ਰੇਰਕ