ਪੱਤਰ ਪ੍ਰੇਰਕ
ਰਾਮਦਾਸ, 24 ਜਨਵਰੀ
ਖੇਤੀਬਾੜੀ ਵਿਭਾਗ ਦੀ ਟੀਮ ਨੇ ਅੱਜ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਖਾਦਾਂ/ਕੀੜੇਮਾਰ ਦਵਾਈਆਂ ਦੇ ਸੈਂਪਲ ਭਰੇ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਉਡਣ ਦਸਤੇ ਵੱਲੋਂ ਬਲਾਕ ਅਜਨਾਲਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਸਾਮਾਨ ਮੁਹੱਈਆ ਕਰਵਾਉਣ ਤਹਿਤ ਖਾਦ/ਦਵਾਈ/ਬੀਜ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਖਾਦਾਂ/ਕੀੜੇਮਾਰ ਦਵਾਈਆਂ ਦੇ ਸੈਂਪਲ ਭਰੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਟੀਆ ਬੀਜ, ਖਾਦ ਅਤੇ ਦਵਾਈਆਂ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖੇਤੀਬਾੜੀ ਅਫ਼ਸਰ ਨੇ ਸਮੂਹ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਵੱਖ ਵੱਖ ਫ਼ਸਲਾਂ ਲਈ ਸਿਫਾਰਸ਼ ਕੀਤੇ ਉੱਚ ਮਿਆਰ ਦੇ ਰਜਿਸਟਰਡ ਖੇਤੀ ਵਸਤਾਂ (ਖਾਦ, ਬੀਜ, ਦਵਾਈ) ਵੇਚਣਾ ਯਕੀਨੀ ਬਣਾਉਣ ਅਤੇ ਹਰ ਕਿਸਾਨ ਨੂੰ ਉਸ ਵੱਲੋਂ ਖ਼ਰੀਦ ਕੀਤੀ ਗਈ ਖੇਤੀ ਸਮੱਗਰੀ ਦਾ ਪੱਕਾ ਬਿੱਲ ਦੇਣਾ ਲਾਜ਼ਮੀ ਬਣਾਉਣ ਤੇ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ ਬੰਡਾਲਾ, ਜੋਗਰਾਜਬੀਰ ਸਿੰਘ, ਪ੍ਰਭਜੋਤ ਕੌਰ ਅਤੇ ਹੋਰ ਸਟਾਫ ਮੌਜੂਦ ਸੀ।