ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜਨਵਰੀ
ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦਿਆ ਅੱਜ ਦੁਪਹਿਰ ਵੇਲੇ ਹਲਕੀ-ਹਲਕੀ ਬੂੰਦਾਬਾਂਦੀ ਹੁੰਦੀ ਰਹੀ। ਜ਼ਿਲ੍ਹੇ ਦੇ ਕਈ ਹਿੱਸਿਆ ਵਿੱਚ ਤੇਜ਼ ਮੀਂਹ ਵੀ ਪਿਆ ਪਰ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਬੂੰਦਾਬਾਂਦੀ ਹੀ ਹੋਈ। ਇਸ ਨਾਲ ਹਵਾ ਵਿਚਲੇ ਪ੍ਰਦੂਸ਼ਣ ਦੇ ਘਟਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਸ਼ਹਿਰ ਵਿੱਚ ਅੱਜ ਹਵਾ ਦੀ ਗੁਣਵੱਤਾ 123 ਗਣ ਮੀਟਰ ਤੱਕ ਮਾਪ ਗਈ ਜਦ ਕਿ ਇਹ 50 ਤੱਕ ਚਾਹੀਦੀ ਹੁੰਦੀ ਹੈ। ਉਧਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਦਾ ਤਾਪਮਾਨ 6.4 ਡਿਗਰੀ ਰਿਹਾ ਜਦਕਿ ਦਿਨ ਵੇਲੇ ਦਾ ਤਾਪਮਾਨ 17.1 ਮਾਪਿਆ ਗਿਆ ਜੋ ਕਿ ਪਹਿਲੇ ਦਿਨਾਂ ਨਾਲ 4 ਡਿਗਰੀ ਘੱਟ ਸੀ ਤੇ ਸਵੇਰ ਵੇਲੇ ਠੰਢ ਨਾਲ ਲੋਕਾਂ ਦੇ ਹੱਥ ਪੈਰ ਬੁਰੀ ਤਰ੍ਹਾਂ ਨਾਲ ਠਰਦੇ ਰਹੇ। ਮੌਸਮ ਵਿਭਾਗ ਅਨੁਸਾਰ 25 ਜਨਵਰੀ ਨੂੰ ਬੱਦਲਵਾਈ ਬਣੀ ਰਹੇਗੀ ਤੇ ਕਿਤੇ-ਕਿਤੇ ਬਿਜਲੀ ਦੀ ਗਰਜ਼ ਨਾਲ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਜ਼ਿਆਦਾ ਮੀਂਹ ਆਲੂਆਂ ਲਈ ਖਤਰਨਾਕ ਹੈ। ਇਸੇ ਲਈ ਕਿਸਾਨਾਂ ਨੇ ਖੇਤਾਂ ਵਿੱਚ ਟੋਏ ਪੁੱਟ ਲਏ ਹਨ। ਜਦਕਿ ਕਣਕ ਲਈ ਇਹ ਮੀਂਹ ਲਾਹੇਵੰਦ ਰਹੇਗਾ। ਮੀਂਹ ਪੈਣ ਨਾਲ ਮੌਸਮ ਦੇ ਖੁੱਲ੍ਹਣ ਦੀਆਂ ਵੀ ਸੰਭਾਵਨਾਵਾਂ ਹਨ। ਸੁੱਕੀ ਪੈ ਰਹੀ ਠੰਢ ਨਾਲ ਲੋਕ ਬਿਮਾਰ ਹੋ ਰਹੇ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਦੂਰ-ਦੁਰੇਡੇ ਥਾਵਾਂ ’ਤੇ ਅੱਜ ਹੋਈ ਕਿਣਮਿਣ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ ਹੈ ਅਤੇ ਉਹ ਇਸ ਨੂੰ ਕਣਕ ਲਈ ਲਾਹੇਵੰਦ ਦੱਸ ਰਹੇ ਹਨ। ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਦਰਮਿਆਨਾ ਮੀਂਹ ਪਿਆ। ਸਵੇਰੇ 9 ਕੁ ਵਜੇ ਸ਼ੁਰੂ ਹੋਈ ਕਿਣਮਿਣ ਸਾਰਾ ਦਿਨ ਰੁਕ ਰੁਕ ਕੇ ਹੁੰਦੀ ਰਹੀ। ਤਾਜ਼ਾ ਮੀਂਹ ਪੈਣ ਕਾਰਨ ਪਾਰਾ ਹੋਰ ਡਿੱਗ ਗਿਆ ਹੈ। ਪੂਰਾ ਦਿਨ ਹੁੰਦੀ ਰਹੀ ਕਿਣਮਿਣ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਿਆ। ਸ਼ਾਮ ਤੱਕ ਵੀ ਆਸਮਾਨ ਵਿੱਚ ਬੱਦਲਵਾਈ ਛਾਈ ਹੋਈ ਸੀ ਅਤੇ ਕਿਣਮਿਣ ਜਾਰੀ ਸੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਦੋ ਦਿਨ ਆਸਮਾਨ ਸਾਫ਼ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਵਰਖਾ ਹੋਈ ਜਿਸ ਨਾਲ ਤਾਪਮਾਨ ’ਚ ਫਿਰ ਗਿਰਾਵਟ ਆ ਗਈ। ਦੁਪਹਿਰ ਨੂੰ ਸ਼ੁਰੂ ਹੋਈ ਝੜੀ ਰਾਤ ਤੱਕ ਚੱਲਦੀ ਰਹੀ। ਬਰਸਾਤ ਦੇ ਪਾਣੀ ਨਾਲ ਹਰ ਪਾਸੇ ਜਲਥਲ ਹੋ ਗਈ ਜਿਸ ਕਾਰਨ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਖੇਤੀ ਮਾਹਿਰਾਂ ਅਨੁਸਾਰ ਬਰਸਾਤ ਕਣਕ, ਸਿਆਲੂ ਮੱਕੀ ਤੇ ਹੋਰ ਫ਼ਸਲਾਂ ਲਈ ਕਾਫ਼ੀ ਲਾਹੇਵੰਦ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਆਸ ਹੈ।
ਫਗਵਾੜਾ (ਪੱਤਰ ਪ੍ਰੇਰਕ): ਦੋਆਬਾ ਖੇਤਰ ’ਚ ਹੋਈ ਬਾਰਸ਼ ਕਾਰਨ ਅੱਜ ਕਿਸਾਨਾਂ ਦੀ ਚਿਹਰੇ ਖਿੜੇ ਨਜ਼ਰ ਆ ਰਹੇ ਹਨ ਕਿਉਂਕਿ ਕੋਰੇ ਦੀ ਠੰਡ ਮਗਰੋਂ ਇਹ ਪਹਿਲੀ ਬਾਰਸ਼ ਹੋਈ ਹੈ ਜੋ ਕਾਫ਼ੀ ਲਾਹੇਵੰਦ ਹੈ।