ਸੁਰਜੀਤ ਮਜਾਰੀ
ਬੰਗਾ, 24 ਜਨਵਰੀ
ਅਮਰਦੀਪ ਕਾਲਜ ਮੁਕੰਦਪੁਰ ਦੇ ਵਿਹੜੇ ‘ਸੰਜੀਦਾ ਗਾਇਕੀ ਦੇ ਰੰਗ’ ਬੈਨਰ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਸ਼ਮਸ਼ਾਦ ਅਲੀ ਖਾਨ ਨੇ ਜ਼ਿੰਦਗੀ ਦੇ ਬਹੁ-ਭਾਂਤੀ ਰੰਗਾਂ ’ਚ ਭਿੱਜੇ ਕਲਾਮ ਪੇਸ਼ ਕੀਤੇ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਹਾਜ਼ਰੀਨ ਵਲੋਂ ਭਰਪੂਰ ਦਾਦ ਦਿੱਤੀ ਗਈ। ਉਨ੍ਹਾਂ ਸਰੋਤਿਆਂ ਨੂੰ ਦੋ ਅਰਥੀ ਤੇ ਵਕਤੀ ਮਨੋਰੰਜਨ ਵਾਲੀ ਗਾਇਕੀ ਤੋਂ ਕਿਨਾਰਾ ਕਰ ਕੇ ਸੰਜੀਦਾ ਗਾਇਕੀ ਨਾਲ ਜੁੜਨ ਦਾ ਹੋਕਾ ਦਿੱਤਾ। ਉਨ੍ਹਾਂ ਦੱਸਿਆ ਕਿ ਗਾਉਣ ਦੀ ਸ਼ੈੱਲੀ ਹੀ ਸੰਗੀਤ ਤੇ ਸਰੋਤਿਆਂ ਦੇ ਰਿਸ਼ਤੇ ਨੂੰ ਪਰਪੱਕ ਕਰਦੀ ਹੈ।
ਇਸ ਮੌਕੇ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀਆਂ ਤਰਜਮਾਨ ਰਚਨਾਵਾਂ ਜਦੋਂ ਰੂਹਾਨੀ ਸੰਗੀਤ ’ਚ ਲੈਅਬੱਧ ਹੋ ਕੇ ਆਵਾਜ਼ ਦੀ ਮਿਠਾਸ ਮਿਲਦੀ ਹੈ ਤਾਂ ਸਰੋਤਿਆਂ ਦੇ ਦਿਲਾਂ ’ਤੇ ਗਹਿਰੀ ਪੈ ਜਾਂਦੀ ਹੈ। ਇਸ ਮੌਕੇ ਸੰਗੀਤ ਸੰਸਾਰ ਦੀ ਸਮੀਖਿਆ ਕਰਦੀ ਪੁਸਤਕ ‘ਸੰਗੀਤ ਚੇਤਨਾ’ ’ਤੇ ਡਾ. ਰਾਏ ਬਹਾਦਰ ਸਿੰਘ ਵਲੋਂ ਖੋਜਮਈ ਪਰਚਾ ਵੀ ਪੜ੍ਹਿਆ ਗਿਆ। ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਪ੍ਰੋ. ਸ਼ਮਸ਼ਾਦ ਅਲੀ ਦਾ ਸਾਂਝੇ ਤੌਰ ’ਤੇ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਗਾਇਕ ਧਰਮਿੰਦਰ ਮਸਾਣੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਢੁੱਡੀਕੇ, ਕਾਲਜ ਦੇ ਪ੍ਰਿੰਸੀਪਲ ਗੁਰਜੰਟ ਸਿੰਘ, ਪੁਲੀਸ ਕਪਤਾਨ ਮੁਖਤਿਆਰ ਰਾਏ, ਕੇਂਦਰੀ ਪੰਜਾਬੀ ਲੇਖਕ ਸਭਾ (ਸੋਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਅਮਰੀਕ ਢੀਂਡਸਾ, ਸੰਜੀਵ ਭਨੋਟ, ਕੁਲਦੀਪ ਬੰਗਾ, ਮਨਜਿੰਦਰ ਸਿੰਘ, ਦੀਪ ਕਲੇਰ, ਤਲਵਿੰਦਰ ਸ਼ੇੇਰਗਿੱਲ, ਗੁਰਚਰਨ ਸਿੰਘ ਸ਼ੇਰਗਿੱਲ, ਸਾਈਂ ਪੱਪਲ ਸ਼ਾਹ ਆਦਿ ਸ਼ਾਮਲ ਸਨ।