ਪੌਟਚੈਫਸਟਰੂਮ (ਦੱਖਣੀ ਅਫਰੀਕਾ), 29 ਜਨਵਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ-19 ਟੀ20 ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਇਹ ਪਹਿਲਾ ਵਿਸ਼ਵ ਖ਼ਿਤਾਬ ਹੈ। ਭਾਰਤੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ ਵਿੱਚ ਸਿਰਫ 68 ਦੌੜਾਂ ’ਤੇ ਆਊਟ ਕਰਨ ਮਗਰੋਂ ਜਿੱਤ ਲਈ ਲੋੜੀਂਦਾ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਪੰਜ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸ਼ਾਹ ਨੇ ਟਵੀਟ ਕੀਤਾ, ‘‘ਭਾਰਤ ਵਿੱਚ ਮਹਿਲਾ ਕ੍ਰਿਕਟ ਅੱਗੇ ਵਧ ਰਿਹਾ ਹੈ ਅਤੇ ਵਿਸ਼ਵ ਕੱਪ ਜਿੱਤ ਨੇ ਮਹਿਲਾ ਕ੍ਰਿਕਟ ਦਾ ਕੱਦ ਹੋਰ ਵਧਾਇਆ ਹੈ।’’ -ਏਜੰਸੀ