ਪੱਤਰ ਪ੍ਰੇਰਕ
ਜੀਂਦ, 29 ਜਨਵਰੀ
ਇੱਥੇ ਰਾਣੀ ਤਲਾਬ ਸਾਹਮਣੇ ਸਥਿਤ ਇੱਕ ਕੈਫੇ ਵਿੱਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਰੋਹਿਤ (22) ਵਾਸੀ ਲੁਦਾਨਾ ਵਜੋਂ ਹੋਈ ਹੈ। ਥਾਣਾ ਸਿਟੀ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਨਿੱਜੀ ਮਾਲ ਵਿੱਚ ਹੇਰਾਫੇਰੀ ਨਾਮਕ ਕੈਫ਼ੇ ਵਿੱਚ ਆਇਆ ਹੋਇਆ ਸੀ ਤਾਂ ਉੱਥੇ ਉਨ੍ਹਾਂ ਦਾ ਸੰਗੀਤ ਵਜਾਉਣ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜ ਮਗਰੋਂ ਰੋਹਿਤ ਆਪਣੇ ਦੋਸਤਾਂ ਨਾਲ ਕੈਫ਼ੇ ਵਿੱਚੋਂ ਬਾਹਰ ਨਿਕਲ ਗਿਆ ਪਰ ਉਸੇ ਦੌਰਾਨ ਕੁਝ ਹੋਰ ਨੋਜਵਾਨਾਂ ਨੇ ਉਥੇ ਪਹੁੰਚ ਕੇ ਰੋਹਿਤ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਹ ਜ਼ਖ਼ਮੀ ਹੋ ਗਿਆ। ਪੀੜਤ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸਪੀ ਨਰਿੰਦਰ ਬਿਜਾਰਨੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ ਤੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।