ਨਿੱਜੀ ਪੱਤਰ ਪ੍ਰੇਰਕ
ਸਿਰਸਾ, 29 ਜਨਵਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਲਖਵਿੰਦਰ ਸਿੰਘ ਔਲਖ, ਪ੍ਰਕਾਸ਼ ਮਮੇਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਤਾਕਤ ਦੇ ਜ਼ੋਰ ’ਤੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਆਪਣੇ ਹੱਕ ਲੈ ਕੇ ਹੀ ਅੰਦੋਲਨ ਖ਼ਤਮ ਕਰਨਗੇ। ਜੇ ਹਰਿਆਣਾ ਸਰਕਾਰ ਨੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਤੇ ਉਸ ਦੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਤਾਂ 30 ਜਨਵਰੀ ਨੂੰ ਹਰਿਆਣਾ ਤੇ ਪੰਜਾਬ ਦੇ ਨੈਸ਼ਨਲ ਹਾਈਵੇਅ ’ਤੇ ਜਾਮ ਲਾਇਆ ਜਾਵੇਗਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਗੋਹਾਣਾ ਰੈਲੀ ਨੂੰ ਲੈ ਕੇ ਅਭਿਮੰਨਿਊ ਕੋਹਾੜ ਸਮੇਤ ਕਈ ਕਿਸਾਨ ਆਗੂਆਂ ਨੂੰ ਪੁਲੀਸ ਵੱਲੋਂ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਹ ਪੈਦਾ ਹੋ ਗਿਆ ਹੈ।