ਮੁੰਬਈ: ਅਦਾਕਾਰ ਮਨੋਜ ਬਾਜਪਾਈ ਨੇ ਫਿਲਮ ‘ਗੈਂਗਜ਼ ਆਫ ਵਾਸੇਪੁਰ’ ਵਿੱਚ ਕੱਪੜੇ ਧੋਣ ਵਾਲੇ ਆਪਣੇ ਦ੍ਰਿਸ਼ ਬਾਰੇ ਗੱਲ ਕਰਦਿਆਂ ਕਿਹਾ, ‘ਅਸਲ ’ਚ ਇਹ ਸਾਰਾ ਦ੍ਰਿਸ਼ ਰੀਮਾ ਸੇਨ ਦੇ ਆਡੀਸ਼ਨ ਵੇਲੇ ਹੀ ਅੰਤਿਮ ਰੂਪ ਵਿੱਚ ਤਿਆਰ ਕੀਤਾ ਗਿਆ ਸੀ।’ ਅਦਾਕਾਰ ਨੇ ਕਿਹਾ, ‘ਇੱਕ ਦਿਨ ਮੈਨੂੰ ਅਨੁਰਾਗ ਕਸ਼ਯਪ ਜੀ ਨੇ ਆਪਣੇ ਨਾਲ ਆਡੀਸ਼ਨ ਵਿੱਚ ਚੱਲਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਮੈਨੂੰ ਦ੍ਰਿਸ਼ ਵਿੱਚ ਇਸ ਤਰ੍ਹਾਂ ਖੜ੍ਹੇ ਹੋਣ ਲਈ ਕਿਹਾ, ਜਿੱਥੋਂ ਸਿਰਫ਼ ਉਹ ਮੈਨੂੰ ਵੇਖ ਸਕਦੇ ਸਨ।’ ‘ਸੱਤਿਆ’, ‘ਕੌਨ?’ ‘ਸ਼ੂਲ’, ‘ਰਾਜਨੀਤੀ’ ਤੇ ‘ਅਲੀਗੜ੍ਹ’ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਅਦਾਕਾਰ ਇਸ ਵਾਰ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਫਿਲਮ ‘ਗੈਂਗਜ਼ ਆਫ ਵਾਸੇਪੁਰ’ ਦੀ ਪੂਰੀ ਟੀਮ ਨਾਲ ਸ਼ਾਮਲ ਹੋਇਆ ਹੈ। ਇਸ ਦੌਰਾਨ ਫਿਲਮ ਵਿਚਲੇ ਕੱਪੜੇ ਧੋਣ ਵਾਲੇ ਦ੍ਰਿਸ਼ ਬਾਰੇ ਗੱਲ ਕਰਦਿਆਂ ਮਨੋਜ ਨੇ ਕਿਹਾ, ‘ਜਦੋਂ ਆਡੀਸ਼ਨ ਦੌਰਾਨ ਰੀਮਾ ਕੱਪੜੇ ਧੋ ਰਹੀ ਸੀ ਤੇ ਅਨੁਰਾਗ ਨੇ ਇੱਕਦਮ ਮੈਨੂੰ ਇਸ ਦ੍ਰਿਸ਼ ਵਿੱਚ ਸ਼ਾਮਲ ਹੋਣ ਲਈ ਕਿਹਾ। ਮੈਂ ਹੈਰਾਨ ਸੀ, ਪਰ ਮੈਂ ਜਿਵੇਂ ਕਿਹਾ ਗਿਆ, ਉਵੇਂ ਕੀਤਾ। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜੋ ਕੁਝ ਅਸੀਂ ਰਿਹਰਸਲ ਦੌਰਾਨ ਕੀਤਾ ਸੀ, ਉਹੀ ਅਸਲ ਦ੍ਰਿਸ਼ ਬਣਾ ਦਿੱਤਾ ਗਿਆ ਸੀ। -ਆਈਏਐੱਨਐੱਸ