ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਅਤੇ ਸਹਿਯੋਗੀ ਅਮਲੇ ਦੇ ਦੋ ਮੈਂਬਰਾਂ ਗ੍ਰੇਗ ਕਲਾਰਕ ਤੇ ਮਿਸ਼ੇਲ ਡੇਵਿਡ ਪੈਂਬਰਟਨ ਨੇ ਵਿਸ਼ਵ ਕੱਪ ’ਚ ਮੇਜ਼ਬਾਨ ਦੇਸ਼ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅੱਜ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਰੀਡ ਨੂੰ ਅਪਰੈਲ 2019 ਵਿੱਚ ਭਾਰਤ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਉਸ ਦੀ ਅਗਵਾਈ ਹੇਠ ਭਾਰਤੀ ਟੀਮ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ’ਚ ਕਾਮਯਾਬ ਰਹੀ। ਰੀਡ ਨੇ ਵਿਸ਼ਵ ਕੱਪ ਖਤਮ ਹੋਣ ਤੋਂ ਇਕ ਦਿਨ ਬਾਅਦ ਆਪਣਾ ਅਸਤੀਫਾ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਸੌਂਪਿਆ। ਟਿਰਕੀ ਨੇ ਤਿੰਨਾਂ ਦੇ ਅਸਤੀਫੇ ਸਵੀਕਾਰ ਕਰਨ ਮਗਰੋਂ ਕਿਹਾ ਕਿ ਦੇਸ਼ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾ ਧੰਨਵਾਦੀ ਰਹੇਗਾ। ਉਂਝ ਰੀਡ ਦਾ ਕਾਰਜਕਾਲ ਅਗਲੇ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਤੱਕ ਸੀ। ਅਸਤੀਫਾ ਦੇਣ ਮਗਰੋਂ ਰੀਡ ਨੇ ਕਿਹਾ, ‘‘ਇਹ ਮੇਰੇ ਲਈ ਅਹੁਦਾ ਛੱਡਣ ਅਤੇ ਨਵੇਂ ਪ੍ਰਬੰਧਕਾਂ ਨੂੰ ਵਾਗਡੋਰ ਸੌਂਪਣ ਦਾ ਸਮਾਂ ਹੈ। ਭਾਰਤੀ ਟੀਮ ਅਤੇ ਹਾਕੀ ਇੰਡੀਆ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਇਸ ਸ਼ਾਨਦਾਰ ਯਾਤਰਾ ਦੇ ਹਰ ਪਲ ਦਾ ਆਨੰਦ ਮਾਣਿਆ। ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।’’ -ਪੀਟੀਆਈ