ਮਨੋਜ ਸ਼ਰਮਾ
ਬਠਿੰਡਾ, 30 ਜਨਵਰੀ
ਬਠਿੰਡਾ ਖੇਤਰ ਵਿੱਚ ਅੱਜ ਸਵੇਰੇ ਪਏ ਹਲਕੇ ਤੇ ਦਰਮਿਆਨੇ ਮੀਂਹ ਕਾਰਨ ਮੌਸਮ ਖੁਸ਼ਗਾਵਾਰ ਹੋ ਗਿਆ ਜਿਸ ਕਾਰਨ ਦਰੱਖਤ ਤੇ ਜੰਮੀ ਧੂੜ-ਮਿੱਟੀ ਲਹਿ ਗਈ ਅਤੇ ਫਸਲਾਂ ਟਹਿਕਣ ਲੱਗ ਪਈਆਂ। ਜਨਵਰੀ ਮਹੀਨੇ ਵਿੱਚ ਲਗਤਾਰ ਪੈ ਰਹੀ ਸੁੱਕੀ ਠੰਢ ਅਤੇ ਕੋਹਰੇ ਕਾਰਨ ਕਣਕ, ਆਲੂ, ਸਰ੍ਹੋਂ ਅਤੇ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਸੀ। ਕੋਹਰੇ ਨੇ ਫ਼ਸਲਾਂ ਦੇ ਵਾਧੇ ਨੂੰ ਰੋਕ ਦਿੱਤਾ ਸੀ। ਮੀਂਹ ਨਾ ਪੈਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਸਨ। ਬਠਿੰਡਾ ਵਿੱਚ ਹਲਕੀ ਬਾਰਸ਼ ਨੇ ਸ਼ਹਿਰ ਦੀਆਂ ਸੜਕਾਂ ਜਲ-ਥਲ ਕਰ ਦਿੱਤੀਆਂ।
ਮੌਸਮ ਵਿਭਾਗ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਪਾਰਾ 2.2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਅੱਜ ਬਠਿੰਡਾ ਵਿੱਚ 11 ਐੱਮਐੱਮ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਲਈ ਇਹ ਰਾਹਤ ਦੀ ਖ਼ਬਰ ਹੈ। ਖੇਤੀ ਮਾਹਿਰ ਡਾ. ਜਸਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਬਰਸਾਤ ਨੇ ਫਸਲਾਂ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਅੱਧੀ ਰਾਤ ਤੋਂ ਪੈਣ ਲੱਗੇ ਹਲਕੇ-ਫੁਲਕੇ ਮੀਂਹ ਤੋਂ ਬਾਅਦ ਭਾਵੇਂ ਦੁਪਹਿਰ ਮਗਰੋਂ ਮੌਸਮ ਨਿਖ਼ਰ ਗਿਆ, ਪਰ ਥੋੜ੍ਹੇ ਸਮੇਂ ਲਈ ਪਏ ਇਸ ਮੀਂਹ ਨੇ ਕਿਸਾਨਾਂ ਨੂੰ ਹੌਸਲਾ ਅਤੇ ਫ਼ਸਲਾਂ ਨੂੰ ਰੰਗ-ਰੂਪ ਦਿੱਤਾ ਹੈ। ਇਨ੍ਹਾਂ ਕਣੀਆਂ ਨੇ ਸਾਰੀਆਂ ਫ਼ਸਲਾਂ ਉਪਰਲੀ ਗਰਦ ਨੂੰ ਝਾੜ ਧਰਿਆ ਹੈ, ਜਿਸ ਨਾਲ ਦੂਰ ਤੱਕ ਫ਼ਸਲਾਂ ਉਤੇ ਹਰਿਆਲੀ ਅਤੇ ਨੂਰ ਵਿਖਾਈ ਦਿੰਦਾ ਸੀ। ਕਈ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਇਸ ਮੀਂਹ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਵੱਲੋਂ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਇਸ ਮੀਂਹ ਨਾਲ ਮਾਲਵਾ ’ਚੋਂ ਖੁਸ਼ਕੀ ਚੁੱਕੀ ਜਾਣੀ ਹੈ ਅਤੇ ਚਿਰਾਂ ਤੋਂ ਪਾਣੀ ਮੰਗ ਰਹੀਆਂ ਫ਼ਸਲਾਂ ਦੇ ਬਾਰੇ-ਨਿਆਰੇ ਹੋ ਜਾਣੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਬਿਜਾਈ ਤੋਂ ਬਾਅਦ ਫਸਲਾਂ ਲਈ ਭਰਵਾਂ ਮੀਂਹ ਪੈ ਨਹੀਂ ਸਕਿਆ, ਜਿਸ ਕਾਰਨ ਇਹ ਫਸਲਾਂ ਨਿਰੋਈਆਂ ਹੋਣ ਤੋਂ ਬਿਨਾਂ ਹੀ ਖੇਤਾਂ ਵਿਚ ਖੜ੍ਹੀਆਂ ਸਨ ਅਤੇ ਹੁਣ ਸਮੇਂ ਸਿਰ ਪਏ ਇਸ ਮੀਂਹ ਨੇ ਦਿਨਾਂ ਵਿਚ ਹੀ ਫਸਲਾਂ ਨੂੰ ਟਹਿਕਣ ਲਾ ਦੇਣਾ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਫਸਲਾਂ ਕਈ ਦਿਨਾਂ ਤੋਂ ਮੀਂਹ ਮੰਗ ਰਹੀਆਂ ਸਨ, ਜਿਸ ਕਰਕੇ ਅੱਜ ਡਿੱਗੇ ਇਸ ਅੰਬਰੀ ਪਾਣੀ ਨੇ ਫਸਲਾਂ ਲਈ ਦੇਸੀ ਘਿਓ ਵਾਂਗ ਕੰਮ ਕਰਨਾ ਹੈ ਅਤੇ ਚਿਰਾਂ ਤੋਂ ਖੜ੍ਹੀਆਂ ਫਸਲਾਂ ਨੇ ਦਿਨਾਂ ਵਿਚ ਹੀ ਗੇੜੇ ਖਾ ਜਾਣੇ ਹਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਇਲਾਕੇ ਵਿੱਚ ਬੀਤੇ ਕੱਲ੍ਹ ਤੋਂ ਪਏ ਭਰਵੇਂ ਮੀਂਹ ਨਾਲ ਜਿੱਥੇ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਮੀਂਹ ਕਾਰਨ ਸੁੱਕੀ ਠੰਢ ਤੇ ਕੋਹਰੇ ਦੀ ਮਾਰ ਝੱਲ ਰਹੀਆਂ ਫ਼ਸਲਾਂ ਦਾ ਬਚਾਅ ਹੋ ਜਾਵੇਗਾ। ਐਤਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਅੱਜ ਸਵੇਰ ਤੱਕ ਰੁਕ ਰੁਕ ਕੇ ਪੈਂਦਾ ਰਿਹਾ। ਕਣਕ ਦੀ ਫ਼ਸਲ ਦੇ ਨਾਲ ਨਾਲ ਕੋਹਰੇ ਤੋਂ ਪ੍ਰਭਾਵਿਤ ਆਲੂ, ਸਰ੍ਹੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਇਹ ਮੀਂਹ ਬੇਹੱਦ ਲਾਹੇਵੰਦ ਦੱਸਿਆ ਜਾ ਰਿਹਾ ਹੈ। ਆਲੂ ਕਾਸ਼ਤਕਾਰ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੋਹਰਾ ਪੈਣ ਨਾਲ ਆਲੂ ਦੀ ਫ਼ਸਲ ਪੂਰੀ ਤਰ੍ਹਾਂ ਝੰਬੀ ਗਈ ਸੀ। ਫ਼ਸਲ ਸੁੱਕਣ ਲੱਗੀ ਸੀ। ਰਾਤ ਸਮੇਂ ਬਿਜਲੀ ਘੱਟ ਆਉਣ ਕਰਕੇ ਪਾਣੀ ਨਹੀਂ ਲੱਗ ਸਕਿਆ। ਇਸ ਲਈ ਕੋਹਰੇ ਨੇ 30-40 ਫ਼ੀਸਦੀ ਤੱਕ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ। ਤਾਜ਼ਾ ਹੋਈ ਬਾਰਿਸ਼ ਨਾਲ ਕੋਹਰਾ ਖ਼ਤਮ ਹੋ ਜਾਵੇਗਾ ਅਤੇ ਫ਼ਸਲ ’ਤੇ ਇਸਦਾ ਚੰਗਾ ਅਸਰ ਪਵੇਗਾ।
ਸ਼ਹਿਣਾ (ਪ੍ਰਮੋਦ ਸਿੰਗਲਾ): ਸ਼ਹਿਣਾ ਇਲਾਕੇ ਵਿੱਚ ਅੱਜ ਸਵੇਰੇ ਭਰਵੀਂ ਬਾਰਸ਼ ਹੋਈ| ਬਾਰਸ ਕਣਕ, ਬਰਸੀਨ ਦੀ ਫਸਲ ਲਈ ਲਾਹੇਵੰਦ ਹੈ। ਮੀਂਹ ਕਾਰਨ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ| ਕਿਸਾਨਾਂ ਅਨੁਸਾਰ ਲੰਬੇ ਸਮੇਂ ਬਾਅਦ ਮੀਂਹ ਪਿਆ ਹੈ| ਇਹ ਖੇਤੀ ਸੈਕਟਰ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ| ਨੇੜੇ ਦੇ ਪਿੰਡਾਂ ਬੱਲੋਕੇ, ਬੁਰਜ ਫਤਹਿਗੜ੍ਹ, ਜਗਜੀਤਪੁਰਾ ਆਦਿ ਵਿੱਚ ਵੀ ਭਰਵਾਂ ਮੀਂਹ ਪਿਆ।
ਦਸ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਬੱਦਲਾਂ ਦੀ ਗਰਜ ਨਾਲ ਹਲਕੀ ਬਰਸਾਤ ਹੋਈ ਅਤੇ 9.9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੀਤ ਲਹਿਰ ਚੱਲਦੀ ਰਹੀ। ਇਸ ਨਾਲ ਠੰਢ ਦੇ ਪ੍ਰਕੋਪ ਵਿੱਚ ਕਾਫੀ ਵਾਧਾ ਹੋਇਆ ਹੈ। ਮੀਂਹ ਅਤੇ ਸੀਤ ਲਹਿਰ ਕਾਰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਉਹ ਠੰਢ ਨਾਲ ਠੁਰ ਠੁਰ ਕਰਦੇ ਸਕੂਲ ਜਾ ਰਹੇ ਸਨ। ਬਰਸਾਤ ਅੱਜ ਸਵੇਰੇ ਲਗਪਗ ਛੇ ਵਜੇ ਸ਼ੁਰੂ ਹੋਈ, ਜੋ ਰੁਕ ਰੁਕ ਕੇ ਦੁਪਹਿਰ ਤੱਕ ਜਾਰੀ ਰਹੀ। ਪੂਰਾ ਦਿਨ ਬੱਦਲਵਾਈ ਬਣੀ ਰਹੀ। ਧੁੱਪ ਨਾ ਨਿਕਲਣ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਸਕੀ। ਮੀਂਹ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਇਲਾਕੇ ਵਿੱਚ ਘੱਟੋ-ਘੱਟ ਤਾਪਮਾਨ 2.2 ਡਿਗਰੀ ਅਤੇ ਵੱਧ ਤੋਂ ਵੱਧ 17.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।