ਬੈਂਕਾਕ: ਭਾਰਤੀ ਸ਼ਟਲਰ ਬੀ. ਸਾਈ ਪ੍ਰਣੀਤ ਅਤੇ ਕਿਰਨ ਜੌਰਜ ਨੇ ਅੱਜ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਪ੍ਰਣੀਤ ਨੇ 31 ਮਿੰਟ ਤੱਕ ਚੱਲੇ ਮੈਚ ਵਿੱਚ ਡੈਨਮਾਰਕ ਦੇ ਮੈਡਸ ਕ੍ਰਿਸਟੋਫਰਸਨ ਨੂੰ 21-13, 21-14 ਨਾਲ ਹਰਾਇਆ। ਦੂਜੇ ਪਾਸੇ ਜੌਰਜ ਨੇ ਚੀਨੀ ਤੈਪਈ ਦੇ ਲੀ ਚੀਆ ਹਾਓ ਨੂੰ 21-17, 19-21, 23-21 ਮਾਤ ਦਿੱਤੀ। ਇਸ ਦੌਰਾਨ ਸਮੀਰ ਵਰਮਾ, ਪ੍ਰਿਯਾਂਸ਼ੂ ਰਾਜਾਵਤ ਅਤੇ ਮਿਥੁਨ ਮੰਜੂਨਾਥ ਆਪੋ-ਆਪਣੇ ਮੁਕਾਬਲੇ ਹਾਰ ਕੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਏ ਹਨ।
ਮਹਿਲਾ ਸਿੰਗਲਜ਼ ’ਚ ਅਸ਼ਮਿਤਾ ਚਾਲੀਹਾ ਨੇ ਭਾਰਤ ਦੀ ਹੀ ਅਨੁਪਮਾ ਉਪਾਧਿਆਏ ਨੂੰ 21-16, 21-19 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਮਹਿਲਾ ਡਬਲਜ਼ ਵਿੱਚ ਸਿਮਰਨ ਸਿੰਘੀ ਅਤੇ ਰੀਤਿਕਾ ਠੱਕਰ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਿਕਸਡ ਡਬਲਜ਼ ਵਿੱਚ ਰੋਹਨ ਕਪੂਰ ਅਤੇ ਐੱਨ ਸਿੱਕੀ ਰੈੱਡੀ ਨੇ ਟੀਵਾਈ ਅਲੈਗਜ਼ੈਂਡਰ ਲਿੰਡੇਮੈਨ ਅਤੇ ਜੋਸੇਫਿਨ ਵੂ ਨੂੰ 21-11, 21-16 ਨਾਲ ਹਰਾਇਆ। ਉਧਰ ਬੀ. ਸੁਮੀਤ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਪਹਿਲੇ ਗੇੜ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ