ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਫਰਵਰੀ
ਈ-ਟੈਂਡਰਿੰਗ ਪ੍ਰਕਿਰਿਆ ਦੇ ਵਿਰੋਧ ਵਿੱਚ ਬੀਡੀਪੀਓ ਦਫਤਰ ਅੱਗੇ ਬਲਾਕ ਬਾਬੈਨ ਦੇ ਸਰਪੰਚਾਂ ਦਾ ਧਰਨਾ ਲਗਾਤਾਰ ਜਾਰੀ ਹੈ। ਧਰਨੇ ’ਤੇ ਡਟੇ ਸਰਪੰਚਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਧਰਨੇ ’ਤੇ ਡਟੇ ਰਹਿਣਗੇ। ਇਸ ਦੌਰਾਨ ਉਨ੍ਹਾਂ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਬੈਨ ਵਿੱਚ ਸਰਪੰਚਾਂ ਵਾਲੇ ਧਰਨੇ ਵਾਲੀ ਥਾਂ ’ਤੇ ਆ ਕੇ ਪੰਚਾਇਤ ਸਮਿਤੀ ਪਿਪਲੀ ਦੇ ਚੇਅਰਮੈਨ ਵਿਕਰਮਜੀਤ ਸਿੰਘ ਚੀਮਾ ਨੇ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਜਨ ਪ੍ਰਤੀਨਿਧੀਆਂ ਨੂੰ ਸਰਕਾਰ ਦੇ ਮਾੜੇ ਰਵੱਈਏ ਕਾਰਨ ਇਸ ਤਰ੍ਹਾਂ ਜ਼ਮੀਨ ’ਤੇ ਬੈਠ ਕੇ ਧਰਨਾ ਦੇਣਾ ਪਵੇ ਇਹ ਸਰਕਾਰ ਲਈ ਚੰਗੇ ਸੰਕੇਤ ਨਹੀਂ ਹਨ। ਉਨਾਂ ਨੇ ਕੁਰੂਕਸ਼ੇਤਰ ਦੇ ਸੰਸਦ ਨਾਇਬ ਸਿੰਘ ਸੈਣੀ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਕੈਬਨਿਟ ਮੰਤਰੀ ਸੰਦੀਪ ਸਿੰਘ ਤੇ ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਤੋਂ ਮੰਗ ਕੀਤੀ ਹੈ ਕਿ ਉਹ ਸਰਕਾਰ ਵਿਚ ਆਪਣਾ ਰਸੂਖ ਵਰਤ ਕੇ ਸਰਕਾਰ ਤੋਂ ਸਰਪੰਚਾਂ ਦੀ ਮੰਗ ਨੂੰ ਪੂਰੀ ਕਰਾਉਣ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਦੋ ਸਾਲ ਬਾਅਦ ਹੋਈਆਂ ਪੰਚਾਇਤੀ ਚੋਣਾਂ ਤੋਂ ਮਗਰੋਂ ਹੁਣ ਪੰਚਾਇਤਾਂ ਨੇ ਪਿੰਡਾਂ ਵਿਚ ਵਿਕਾਸ ਕਰਨਾ ਸੀ ਪਰ ਨਵੇਂ ਫਰਮਾਨਾਂ ਕਾਰਨ ਅੱਜ ਉਨ੍ਹਾਂ ਨੂੰ ਹੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਈ-ਟੈਂਡਰਿੰਗ ਲਾਗੂ ਕਰਨ ਦਾ ਤੁਗਲਕੀ ਫਰਮਾਨ ਵਾਪਸ ਲੈਣ ਦੀ ਮੰਗ ਕੀਤੀ ਤਾਂ ਜੋ ਪੰਚਾਇਤਾਂ ਦਾ ਕੰਮ ਸੁਚਾਰੂ ਰੂਪ ਵਿਚ ਚੱਲ ਸਕੇ। ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਨੇ ਕਿਹਾ ਕਿ ਸਰਕਾਰ ਈ ਟੈਂਡਰਿੰਗ ਪ੍ਰਣਾਲੀ ਲਾਗੂ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲਟਕਾ ਰਹੀ ਹੈ, ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਸੂਬੇ ਦੇ ਸਾਰੇ ਸਰਪੰਚ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਰਪੰਚ ਪ੍ਰਧਾਨ ਦੁਨੀ ਚੰਦ, ਸੰਦੀਪ ਬੇਰਥਲਾ, ਲਛਮਣ ਦਾਸ, ਸੰਜੀਵ ਬੁਹਾਵਾ, ਸ਼ੇਰ ਸਿੰਘ ਭੁਖੜੀ, ਪਵਨ ਕੁਮਾਰ ਹਰੀ ਪੁਰ, ਤਾਜਬੀਰ ਸਿੰਘ ਮੰਗੋਲੀ ਰਾਂਗੜਾਨ ਤੇ ਨਵਾਬ ਸਿੰਘ ਰਾਮ ਪੁਰ ਆਦਿ ਤੋਂ ਇਲਾਵਾ ਸਾਰੇ ਬਲਾਕ ਦੇ ਸਰਪੰਚ ਹਾਜ਼ਰ ਸਨ।