ਗੁਰੂਗ੍ਰਾਮ, 3 ਫਰਵਰੀ
ਗੁਰੂਗ੍ਰਾਮ ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਤੇਜ਼ ਰਫਤਾਰ ਕਾਰ ਰਾਹੀਂ ਮੋਟਰਸਾਈਕਲ ਨੂੰ ਤਿੰਨ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਕਾਰ ਚਾਲਕ ਨੇ ਦੂਜੇ ਰਾਹਗੀਰਾਂ ਵੱਲੋਂ ਉਸ ਦੀ ਗੱਡੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਬੁੱਧਵਾਰ ਰਾਤ ਨੂੰ ਕਾਰ ਨੇ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਪਹੀਆ ਵਾਹਨ ਉਸ ਦੇ ਹੇਠਾਂ ਫਸ ਗਿਆ। ਪੁਲੀਸ ਨੇ ਦੱਸਿਆ ਕਿ ਵਾਹਨ ਇਸ ਨੂੰ ਤਿੰਨ ਕਿਲੋਮੀਟਰ ਤੱਕ ਘਸੀੜਸਦਾ ਲੈ ਗਿਆ। ਪੇਸ਼ੇ ਤੋਂ ਬਾਊਂਸਰ ਮੋਟਰਸਾਈਕਲ ਮਾਲਕ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11.30 ਵਜੇ ਉਸ ਸਮੇਂ ਵਾਪਰੀ ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਉਸ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਮੋਟਰਸਾਈਕਲ ਨੇੜੇ ਖੜ੍ਹਾ ਹੋਣ ਕਾਰਨ ਵਾਲ-ਵਾਲ ਬਚ ਗਿਆ। ਬਾਅਦ ’ਚ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਸੈਕਟਰ 65 ਵਿੱਚ ਉੱਡਦੀਆਂ ਚੰਗਿਆੜੀਆਂ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਪੁਲੀਸ ਨੇ ਮੋਟਰਸਾਈਕਲ ਦੇ ਮਾਲਕ ਨਾਲ ਸੰਪਰਕ ਕੀਤਾ ਜਿਸ ਨੇ ਸ਼ਿਕਾਇਤ ਦਰਜ ਕਰਵਾਈ। ਮੋਟਰਸਾਈਕਲ ਸਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਫਰੀਦਾਬਾਦ ਦੇ ਸੁਸ਼ਾਂਤ ਮਹਿਤਾ ਵਜੋਂ ਕੀਤੀ ਗਈ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰ ਨੂੰ ਜ਼ਬਤ ਕਰ ਲਿਆ ਹੈ। ਮੁਲਜ਼ਮ ਸੈਕਟਰ 63 ਵਿੱਚ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਹੈ।