ਸਿਰਸਾ (ਨਿੱਜੀ ਪੱਤਰ ਪ੍ਰੇਰਕ): ਈ-ਟੈਂਡਰਿੰਗ ਖ਼ਿਲਾਫ਼ ਸਰਪੰਚਾਂ ਦਾ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਥੇ ਸਰਕਾਰ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕਰਨ ਲਈ ਬਾਜ਼ਿਦ ਹੈ, ਉਥੇ ਹੀ ਸਰਪੰਚ ਇਸ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਨਾ ਹੋਣ ਦੇਣ ਲਈ ਅੜੇ ਹੋਏ ਹਨ। ਸਰਪੰਚ ਐਸੋਸੀਏਸ਼ਨ ਨੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਹੈ। ਹਰਿਆਣਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਦੋ ਲੱਖ ਤੋਂ ਜਿਆਦਾ ਦੇ ਵਿਕਾਸ ਕਾਰਜਾਂ ਲਈ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕਰਨ ਦਾ ਪਿੰਡਾਂ ਦੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਸਰਪੰਚ ਐਸੋਸੀਏਸ਼ਨ ਵੱਲੋਂ ਬੀਡੀਪੀਓ ਦੇ ਦਫ਼ਤਰਾਂ ਦੇ ਬਾਹਰ ਜਿਥੇ ਧਰਨੇ ਦਿੱਤੇ ਜਾ ਰਹੇ ਹਨ ਉਥੇ ਹੀ ਹੁਣ ਸਰਪੰਚਾਂ ਵੱਲੋਂ ਕਈ ਥਾਈਂ ਬੀਡੀਪੀਓ ਦੇ ਦਫ਼ਤਰਾਂ ਨੂੰ ਜਿੰਦਰੇ ਲਾ ਦਿੱਤੇ ਹਨ। ਸਰਪੰਚ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਹੈ ਕਿ ਜਦੋਂ ਤੱਕ ਸਰਕਾਰ ਈ-ਟੈਂਡਰਿੰਗ ਪ੍ਰਣਾਲੀ ਨੂੰ ਖ਼ਤਮ ਨਹੀਂ ਕਰੇਗੀ, ਉਦੋਂ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਬੀਡੀਪੀਓ ਦੇ ਦਫ਼ਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਾਏ ਜਾਣ ਕਾਰਨ ਦਫ਼ਤਰ ਦਾ ਕੋਈ ਵੀ ਕਰਮਚਾਰੀ ਅੱਜ ਆਪਣੇ ਦਫ਼ਤਰ ਨਹੀਂ ਜਾ ਸਕਿਆ। ਸਰਪੰਚਾਂ ਨੇ ਸਾਰਾ ਦਿਨ ਦਫ਼ਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਜਾਰੀ ਰੱਖੀ। ਇਸ ਦੌਰਾਨ ਸਿਰਸਾ ਬਲਾਕ ਦੇ ਕਈ ਪਿੰਡਾਂ ਦੇ ਸਰਪੰਚ ਤੇ ਸਰਪੰਚ ਪ੍ਰਤੀਨਿਧੀ ਮੌਜੂਦ ਸਨ।