ਐੱਨਪੀ ਧਵਨ
ਪਠਾਨਕੋਟ, 4 ਫਰਵਰੀ
ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਵਿੱਚ ਹੈੱਡ ਟੀਚਰ ਰਾਕੇਸ਼ ਸੈਣੀ ਦੀ ਅਗਵਾਈ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਹਲਕਾ ਭੋਆ ਦੇ ਭਗਵਾਨਸਰ, ਬਾਰਠ ਲਾਹੜੀ, ਪਪਿਆਲ, ਚਸ਼ਮਾ, ਘਰੋਟਾ, ਨੱਕੀ ਅਤੇ ਸ਼ੇਖੂਪੁਰ ਮੰਜੀਰੀ ਦੇ ਪ੍ਰਾਇਮਰੀ ਸਕੂਲਾਂ ਨੂੰ 43 ਲੱਖ 82 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ। ਸਾਲਾਨਾ ਸਮਾਗਮ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਵਾਹਵਾਹੀ ਖੱਟੀ। ਮੰਤਰੀ ਕਟਾਰੂਚੱਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਅੰਦਰ ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਉਨ੍ਹਾਂ ਨੇ ਅੱਜ ਸਿੱਖਿਆ ਵਿਭਾਗ ’ਚੋਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿੱਚ ਸਿੱਖਿਆ ਪ੍ਰਣਾਲੀ ਦੀ ਸਿਖਲਾਈ ਲੈਣ ਲਈ ਰਵਾਨਾ ਕੀਤਾ ਹੈ।
ਪਿੰਡ ਦੀ ਪੰਚਾਇਤ ਨੇ ਜਦੋਂ ਕੈਬਨਿਟ ਮੰਤਰੀ ਨੂੰ ਪਿੰਡ ਵਿੱਚ ਆਂਗਣਵਾੜੀ ਲਈ ਕੋਈ ਕਮਰਾ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਹੀ ਪਿੰਡ ਵਿੱਚ ਆਂਗਣਵਾੜੀ ਦਾ ਕਮਰਾ ਬਣਾਉਣ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ, ਬੀਪੀਈਓ ਨਰੋਟ ਜੈਮਲ ਸਿੰਘ ਰਿਸ਼ਮਾਂ ਦੇਵੀ, ਸੀਐੱਚਟੀ ਅੰਜੂ ਬਾਲਾ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਸਰਪੰਚ ਸਤੀਸ਼ ਕੁਮਾਰ, ਐੱਸਐੱਮਸੀ ਚੇਅਰਮੈਨ ਜੋਤੀ ਦੇਵੀ, ਵਿਜੈ ਕਟਾਰੂਚੱਕ, ਨਰਿੰਦਰ ਕੁਮਾਰ ਆਦਿ ਵੀ ਸ਼ਾਮਲ ਹੋਏ।