ਨਿਊਯਾਰਕ, 17 ਮਾਰਚ
ਅਮਰੀਕਾ ਦੇ 11 ਸਭ ਤੋਂ ਵੱਡੇ ਬੈਂਕਾਂ ਨੇ ਫਸਟ ਰਿਪਬਲਿਕ ਬੈਂਕ ਲਈ 30 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਬੈਂਕਿੰਗ ਖੇਤਰ ਵਿੱਚ ਚੱਲ ਰਹੇ ਸੰਕਟ ਨੂੰ ਹੋਰ ਡੂੰਘਾ ਹੋਣ ਤੋਂ ਰੋਕਣਾ ਹੈ, ਜੇ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਫਸਟ ਰਿਪਬਲਿਕ ਬੈਂਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਫੇਲ੍ਹ ਹੋਣ ਵਾਲਾ ਤੀਜਾ ਬੈਂਕ ਬਣ ਜਾਂਦਾ। ਫਸਟ ਰਿਪਬਲਿਕ ਬੈਂਕ ਵੀ ਉਸੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਵੇਂ ਸਿਲੀਕਾਨ ਵੈਲੀ ਬੈਂਕ ਤੇ ਉਸ ਦੇ ਗਾਹਕ। ਫਸਟ ਰਿਪਬਲਿਕ ਬੈਂਕ ਕੋਲ 31 ਦਸੰਬਰ ਤੱਕ ਕੁੱਲ 176.4 ਅਰਬ ਅਮਰੀਕੀ ਡਾਲਰ ਜਮ੍ਹਾਂ ਸਨ। ਇੱਕ ਬਿਆਨ ਵਿੱਚ ਮਦਦ ਕਰਨ ਵਾਲੇ ਬੈਂਕਾਂ ਨੇ ਪੁਸ਼ਟੀ ਕੀਤੀ ਹੈ ਕਿ ਜੇਪੀ ਮੈਰਗਨ ਅਤੇ ਫੈਡਰਲ ਰਿਜ਼ਰਵ ਵੱਲੋਂ ਵਾਧੂ ਫੰਡ ਪ੍ਰਾਪਤ ਕਰਨ ਦੇ ਬਾਵਜੂਦ ਸੋਮਵਾਰ ਨੂੰ ਫਸਟ ਰਿਪਬਲਿਕ ਦੇ 60 ਫ਼ੀਸਦੀ ਤੋਂ ਵੱਧ ਸ਼ੇਅਰ ਡਿੱਗ ਗਏ ਸਨ। -ਏਪੀ