ਸੁਰਜੀਤ ਜੱਸਲ
ਮਨੋਰੰਜਨ ਦੇ ਸੰਸਾਰ ਵਿੱਚ ਸਮਾਜਿਕ ਵਿਸ਼ਿਆਂ ਤੇ ਮੁੁੱਦਿਆਂ ’ਤੇ ਆਧਾਰਿਤ ਕਹਾਣੀਆਂ ਦਾ ਫਿਲਮੀਕਰਨ ਹੋਣਾ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ। ਚੰਗੀ ਗੱਲ ਹੈ ਕਿ ਇਸ ਸਾਲ ਦੀ ਸ਼ੁਰੂਆਤ ਕੁਝ ਅਜਿਹੀਆਂ ਫਿਲਮਾਂ ਨਾਲ ਹੋਈ ਹੈ ਜੋ ਔਰਤ ਦੇ ਦੁੱਖਾਂ ਦਾ ਦਰਦ ਬਿਆਨਦੀਆਂ ਹਨ। ਭਾਵੇਂ ਸਾਡਾ ਸਮਾਜ ਔਰਤ-ਮਰਦ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕਰਦਾ ਹੈ, ਪਰ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਔਰਤ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ।
ਪਿਛਲੇ ਮਹੀਨੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ‘ਕਲੀ ਜੋਟਾ’ ਤੋਂ ਬਾਅਦ ਹੁਣ ਇੱਕ ਹੋਰ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਆਈ ਹੈ। ਭਾਵੇਂ
ਇਸ ਫਿਲਮ ਦਾ ਨਾਂ ਕਿਸੇ ਚਰਚਿਤ ਗੀਤ ਦੇ ਮੁੱਖੜੇ ਵਰਗਾ ਹੈ, ਪਰ ਫਿਲਮ ਦੇ ਵਿਸ਼ੇ ਦਾ ਇਸ ਨਾਲ ਕੋਈ ਬਹੁਤਾ ਵਾਹ-ਵਾਸਤਾ ਨਹੀਂ। ਪੰਕਜ ਬੱਤਰਾ ਵੱਲੋਂ ਨਿਰਦੇਸ਼ਿਤ ਕੀਤੀ ਇਹ ਫਿਲਮ ਨੌਕਰੀਪੇਸ਼ਾ ਔਰਤਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ’ਤੇ ਆਧਾਰਿਤ ਹੈ। ਭਾਵੇਂ ਅੱਜ ਦੀ ਔਰਤ ਪੜ੍ਹੀ ਲਿਖੀ ਹੈ, ਚੰਗੇ ਮਾੜੇ ਦੀ ਸਮਝ ਰੱਖਦੀ ਹੈ, ਪਰ ਸਮਾਜ ਦੇ ਕੁਝ ਲੋਕ ਜਦੋਂ ਔਰਤ ਦੇ ਭੋਲੇਪਣ ਜਾਂ ਸਤਿਕਾਰ ਭਾਵਨਾ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ ਤਾਂ ਔਰਤ ਚੰਡੀ ਦਾ ਰੂਪ ਧਾਰਨ ਕਰਦੀ ਹੈ।
ਇਸ ਫਿਲਮ ਦੀ ਕਹਾਣੀ ਚਾਰ ਪੜ੍ਹੀਆਂ-ਲਿਖੀਆਂ ਕੁੜੀਆਂ ’ਤੇ ਆਧਾਰਿਤ ਹੈ ਜੋ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਹਨ। ਨੌਕਰੀ ਦੀ ਭਾਲ ਵਿੱਚ ਚੰਡੀਗੜ੍ਹ ਆਈਆਂ ਇਨ੍ਹਾਂ ਕੁੜੀਆਂ ਨੂੰ ਇੱਜ਼ਤਦਾਰ ਕੰਮ ਲਈ ਦਰ ਦਰ ਭਟਕਣਾ ਪੈਂਦਾ ਹੈ। ਇੱਕੋ ਪੀਜੀ ਵਿੱਚ ਰਹਿੰਦੀਆਂ ਇਹ ਕੁੜੀਆਂ ਜਿੱਥੇ ਵੀ ਇੰਟਰਵਿਊ ਦੇਣ ਜਾਂਦੀਆਂ ਹਨ ਅੱਗੋਂ ਇਨ੍ਹਾਂ ਦੀ ਯੋਗਤਾ ਨਹੀਂ ਵੇਖੀ ਜਾਂਦੀ ਬਲਕਿ ਸਰੀਰਕ ਫਿਟਨੈੱਸ ਵੇਖੀ ਜਾਂਦੀ ਹੈ। ਇਸ ਗੱਲ ਤੋਂ ਦੁਖੀ ਇਹ ਕੁੜੀਆਂ ਅੰਦਰੋਂ ਅੰਦਰੀਂ ਧੁਖਦੀਆਂ ਰਹਿੰਦੀਆਂ ਹਨ ਤੇ ਛੋਟੇ ਮੋਟੇ ਰੁਜ਼ਗਾਰ ਨਾਲ ਆਪਣਾ ਤੇ ਪਿੱਛੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਹਨ। ਇਸੇ ਦੌਰਾਨ ਇੱਕ ਹਸਪਤਾਲ ਵਿੱਚ ਨਰਸ ਦਾ ਕੰਮ ਕਰਦੀ ਕੁੜੀ ਨੂੰ ਜਦੋਂ ਡਾਕਟਰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਦਾ ਹੈ। ਚਾਰੇ ਕੁੜੀਆਂ ਨਿੱਤ ਦਿਨ ਆਪਣੇ ਸਹਿ ਕਰਮੀਆਂ ਦੀਆਂ ਲਲਚਾਈਆਂ ਨਜ਼ਰਾਂ ਤੋਂ ਬਚ ਬਚ ਕੇ ਰਹਿੰਦੀਆਂ ਹਨ ਤੇ ਅਖੀਰ ਸਬਕ ਸਿਖਾਉਣ ਤੇ ਚਿੰਤਾ ਮੁਕਤ ਜ਼ਿੰਦਗੀ ਜਿਉਣ ਲਈ ਇੱਕ ਸਕੀਮ ਬਣਾਉਂਦੀਆਂ ਹਨ, ਪਰ ਇਸੇ ਦੌਰਾਨ ਅਚਾਨਕ ਨਾਮੀਂ ਡਾਕਟਰ ਦਾ ਕਤਲ ਹੋ ਜਾਂਦਾ ਹੈ। ਗਿੱਪੀ ਗਰੇਵਾਲ ਨੇ ਲਾਡੀ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਵਕੀਲ ਮਾਮੇ ਨਾਲ ਕੋਰਟ ਵਿੱਚ ਕੰਮ ਕਰਦਾ ਹੈ।
ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫਿਲਮ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ, ਸਵੇਤਾ ਤਿਵਾੜੀ, ਰੇਣੂ ਕੌਸ਼ਲ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਦੀਪ ਗਿੱਲ ਅਹਿਮ ਕਿਰਦਾਰਾਂ ਵਿੱਚ ਹਨ। ਰਾਜ ਰਣਜੋਧ, ਅੰਮ੍ਰਿਤ ਮਾਨ, ਰਿੱਕੀ ਖ਼ਾਨ ਤੇ ਹੈਪੀ ਰਾਏਕੋਟੀ ਵੱਲੋਂ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਜੈਸਮੀਨ ਸੈਂਡਲਿਸ, ਰਾਹਤ ਫ਼ਤਿਹ ਅਲੀ ਖ਼ਾਨ ਤੇ ਗੁਰਲੇਜ਼ ਅਖ਼ਤਰ ਨੇ ਗਾਇਆ ਹੈ। ਫਿਲਮ ਵਿੱਚ ਚੰਗੇ ਗੀਤ ਸੰਗੀਤ ਦੇ ਨਾਲ ਹਲਕੀ-ਫੁਲਕੀ ਕਾਮੇਡੀ ਵੀ ਹੈ। ਲੋੜ ਮੁਤਾਬਕ ਐਕਸ਼ਨ ਵੀ ਹੈ। ਸਮਾਜਿਕ ਵਿਸ਼ੇ ਦੀ ਖੂਬਸੂਰਤ ਪੇਸ਼ਕਾਰੀ ਕਰਦੀ ਇਹ ਇੱਕ ਚੰਗੀ ਫਿਲਮ ਹੈ ਜੋ ਔਰਤਾਂ ਦੇ ਸਤਿਕਾਰ ਤੇ ਭਾਵਨਾਵਾਂ ਦੀ ਕਦਰ ਦਾ ਸੁਨੇਹਾ ਦਿੰਦੀ ਹੈ।
ਸੰਪਰਕ: 98146-07737