ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 17 ਮਾਰਚ
ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰਧਾਨ ਜਸਟਿਸ ਦਯਾ ਚੌਧਰੀ ਨੇ ਆਖਿਆ ਕਿ ਆਮ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਗੁੰਝਲਦਾਰ ਕਾਨੂੰਨੀ ਦਾਅ-ਪੇਚਾਂ ਦੇ ਸਰਲ ਭਾਸ਼ਾ ’ਚ ਕਾਨੂੰਨ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਨਿਆਂ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਨਿਆਂਇਕ ਪ੍ਰਣਾਲੀ ’ਚ ਪੂਰਨ ਵਿਸ਼ਵਾਸ ਬਣਿਆ ਰਹੇ। ਉਨ੍ਹਾਂ ਨੂੰ ਬਰਨਾਲਾ ਪੁਲੀਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ, ਜਿਸ ਮਗਰੋਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਬਣੀ ਖ਼ਪਤਕਾਰ ਕਮਿਸ਼ਨ ਬਰਨਾਲਾ ਦੀ ਕਰੀਬ 72 ਲੱਖ ਦੀ ਲਾਗਤ ਵਾਲੀ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਨਵੀਂ ਇਮਾਰਤ ਦੇ ਕੋਰਟ ਰੂਮ, ਸਟਾਫ ਰੂਮ, ਰਿਕਾਰਡ ਰੂਮ ਆਦਿ ਦਾ ਦੌਰਾ ਕੀਤਾ।
ਉਨ੍ਹਾਂ ਬਾਰ ਰੂਮ ਦਾ ਦੌਰਾ ਵੀ ਕੀਤਾ ਅਤੇ ਜੱਜ ਸਾਹਿਬਾਨ ਤੇ ਵਕੀਲਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ’ਚ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਸਾਡਾ ਫਰਜ਼ ਹੈ ਤੇ ਇਹ ਪੇਸ਼ਾ ਵੱਡੀ ਲੋਕ ਸੇਵਾ ਹੈ। ਉਨ੍ਹਾਂ ਬਰਨਾਲਾ ਕਮਿਸ਼ਨਰ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਇਮਾਰਤ ਦਾ ਸਥਾਨ ਬਹੁਤ ਹੀ ਢੁਕਵਾਂ ਹੈ।
ਅਬੋਹਰ (ਪੱਤਰ ਪ੍ਰੇਰਕ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਧੀਰ ਮਿੱਤਲ ਵੱਲੋਂ ਅੱਜ ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦਾ ਜਾਇਜ਼ਾ ਲੈਣ ਲਈ ਅਬੋਹਰ ਦਾ ਦੌਰਾ ਕੀਤਾ ਅਤੇ ਇੱਥੇ ਵੱਖ-ਵੱਖ ਅਦਾਲਤਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਵੀ ਹਾਜ਼ਰ ਸਨ।
ਜਸਟਿਸ ਪੁਰੀ ਵੱਲੋਂ ‘ਵਿਚੋਲਗੀ ਤੇ ਤਸੱਲੀ ਕੇਂਦਰ’ ਸਥਾਪਤ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਅਦਾਲਤੀ ਝਗੜਿਆਂ ਦੇ ਸੁਖਦ ਨਿਬੇੜੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਕਤਸਰ ਵਿਖੇ ‘ਵਿਚੋਲਗੀ ਤੇ ਤਸੱਲੀ ਕੇਂਦਰ’ (ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ) ਕੀਤਾ ਗਿਆ ਹੈ। ਇਸ ਕੇਂਦਰ ਦਾ ਉਦਘਾਟਨ ਕਰਦਿਆਂ ਜਸਟਿਸ ਵਿਵੇਕ ਪੁਰੀ ਨੇ ਕਿਹਾ ਇਸ ਕੇਂਦਰ ਦੀ ਮਦਦ ਨਾਲ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਬਿਨਾਂ ਕਿਸੇ ਦਬਾਅ ਦੇ ਕਰਵਾ ਕੇ ਮੁਕੱਦਮੇਬਾਜ਼ੀ ਨੂੰ ਘਟਾਇਆ ਜਾ ਸਕਦਾ ਹੈ। ਇਸ ਨਾਲ ਦੋਹਾਂ ਧਿਰਾਂ ਦੀ ਖੱਜਲ-ਖੁਆਰੀ ਅਤੇ ਧੰਨ ਤੇ ਸਮੇਂ ਦੀ ਬਰਬਾਦੀ ਹੋਣ ਤੋਂ ਬਚਤ ਹੁੰਦੀ ਹੈ। ਨਾਲ ਹੀ ਝਗੜਾ ਸੁਖਾਂਵੇ ਮਾਹੌਲ ’ਚ ਖ਼ਤਮ ਹੋਣ ਕਾਰਣ ਰਵਾਇਤੀ ਕਿਸਮ ਦੀ ਸ਼ਰੀਕੇਬਾਜ਼ੀ ਵੀ ਪੈਦਾ ਨਹੀਂ ਹੁੰਦੀ। ਸਗੋਂ ਸ਼ਕਾਇਤਕਰਤਾ ਅਤੇ ਵਿਰੋਧੀ ਧਿਰਾਂ ਦਾ ਪਿਆਰ ਵੀ ਬਣਿਆ ਰਹਿੰਦਾ ਹੈ ਅਤੇ ਇਸ ਨਾਲ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਵੀ ਬੋਝ ਵੀ ਘੱਟਦਾ ਹੈ। ਇਸ ਦੌਰੇ ਦੌਰਾਨ ਸ੍ਰੀ ਪੁਰੀ ਨੇ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਮਲੋਟ ਦੀਆਂ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਅਤੇ ਚੱਲ ਰਹੇ ਕੇਸਾਂ ਦਾ ਜਾਇਜ਼ਾ ਲਿਆ।