ਲਾਲ ਹਿੱਕੀ ਟਿਕਟਿਕੀ ਪਿਆਰਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਰੈੱਡ ਬਰੈੱਸਟਿਡ ਫਲਾਈਕੈਚਰ (Red-breasted Flycatcher) ਅਤੇ ਹਿੰਦੀ ਵਿੱਚ ਲਾਲ ਪੇਟ ਮੱਛਰਿਆ ਕਹਿੰਦੇ ਹਨ। ਇਹ ਇੱਕ ਛੋਟਾ ਜਿਹਾ ਅਕਸਰ ਅੰਜ਼ੀਰ ਖਾਣਾ ਪਸੰਦ ਕਰਨ ਵਾਲਾ ਪੰਛੀ ਹੈ। ਇਹ ਪੰਛੀ ਸਰਦੀਆਂ ਵਿੱਚ ਬਿਲਕੁਲ ਚੁੱਪ ਰਹਿੰਦਾ ਹੈ। ਇਸ ਕਿਸਮ ਦੇ ਪੰਛੀ ਛੋਟੇ ਸਰੀਰ, ਗੋਲ ਸਿਰ ਅਤੇ ਛੋਟੀਆਂ ਚੁੰਝਾਂ ਵਾਲੇ ਹੁੰਦੇ ਹਨ। ਨਰ ਪੰਛੀ ਦੇ ਖੰਭ ਮਾਦਾ ਨਾਲੋਂ ਚਮਕਦਾਰ ਹੁੰਦੇ ਹਨ। ਮੌਜੂਦਾ ਪ੍ਰਜਾਤੀਆਂ ਵਿੱਚ ਇਨ੍ਹਾਂ ਦਾ ਗਲਾ ਲਾਲ ਦਿਖਾਈ ਦਿੰਦਾ ਹੈ।
ਇਹ ਪੰਛੀ ਭਾਰਤ ਅਤੇ ਪਾਕਿਸਤਾਨ ਵਿੱਚ ਸਰਦੀਆਂ ਬਿਤਾਉਂਦਾ ਹੈ। ਇਸ ਪੰਛੀ ਦੀ ਲੰਬਾਈ 11.5 ਸੈਂਟੀਮੀਟਰ ਅਤੇ ਭਾਰ 11 ਤੋਂ 12 ਗ੍ਰਾਮ ਹੁੰਦਾ ਹੈ। ਨਰ ਦਾ ਸਲੇਟੀ ਸਿਰ, ਪਾਸਿਆਂ ਤੋਂ ਸਲੇਟੀ ਸੁਆਹ ਰੰਗਾ ਅਤੇ ਗਲਾ ਛਾਤੀ ਸੰਤਰੀ ਤੋਂ ਲਾਲ ਰੰਗ ਵਿੱਚ ਦਿਖਾਈ ਦਿੰਦਾ ਹੈ। ਜਦੋਂ ਕਿ ਮਾਦਾ ਦਾ ਸੰਤਰੀ-ਲਾਲ ਰੰਗਾ ਗਲਾ ਨਹੀਂ ਹੁੰਦਾ। ਇਸ ਦੀ ਬਜਾਏ ਸਲੇਟੀ ਭੂਰਾ ਸਿਰ ਅਤੇ ਗੂੜ੍ਹੇ ਭੂਰੇ ਸਲੇਟੀ ਪਾਸੇ ਹੁੰਦੇ ਹਨ।
ਇਹ ਕੀਟਨਾਸ਼ਕ ਪੰਛੀ ਹੈ ਜੋ ਹਰ ਸਮੇਂ ਕੀੜੇ-ਮਕੌੜਿਆਂ ’ਤੇ ਝਪਟੇ ਮਾਰਦੇ ਦਿਖਾਈ ਦਿੰਦਾ ਹੈ। ਇਨ੍ਹਾਂ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਅੰਜ਼ੀਰ, ਪਿੱਪਲ ਤੇ ਬੋਹੜ ਦੀਆਂ ਗੋਲ੍ਹਾਂ ਤੋਂ ਇਲਾਵਾ ਕੀੜੇ ਮਕੌੜੇ ਸ਼ਾਮਲ ਹੁੰਦੇ ਹਨ। ਗਰਮੀਆਂ ਅਤੇ ਪਤਝੜ ਦੇ ਦੂਜੇ ਅੱਧ ਵਿੱਚ ਇਹ ਰਸੀਲੀਆਂ ਪਿੱਪਲ ਤੇ ਬੋਹੜ ਦੀਆਂ ਗੋਲ੍ਹਾਂ ਖਾਂਦੇ ਹਨ। ਇਹ ਆਪਣਾ ਆਲ੍ਹਣਾ ਰੁੱਖਾਂ ਦੀਆਂ ਮੋਰੀਆਂ ਵਿੱਚ ਬਣਾਉਂਦੇ ਹਨ। ਆਮ ਤੌਰ ’ਤੇ ਆਲ੍ਹਣਾ 1 ਤੋਂ 12 ਮੀਟਰ ਦੀ ਉਚਾਈ ’ਤੇ ਰੱਖਿਆ ਜਾਂਦਾ ਹੈ। ਆਲ੍ਹਣਾ ਕਾਈ, ਘਾਹ ਦੀਆਂ ਤੀਲ੍ਹਾਂ, ਲੱਕੜ ਦੇ ਰੇਸ਼ਿਆਂ ਅਤੇ ਪੌਦਿਆਂ ਦੀ ਪਲਪ ਨਾਲ ਸਾਫ਼-ਸੁਥਰਾ ਬੁਣਿਆ ਜਾਂਦਾ ਹੈ। ਇਸ ਵਿੱਚ ਮਾਦਾ 4 ਤੋਂ 7 ਆਂਡੇ ਦਿੰਦੀ ਹੈ ਜੋ ਪੀਲੇ ਰੰਗ ਦੇ ਹੁੰਦੇ ਹਨ। ਉਨ੍ਹਾਂ ਨੂੰ ਪ੍ਰਫੁੱਲਤ ਕੇਵਲ ਮਾਦਾ ਵੱਲੋਂ ਹੀ ਕੀਤਾ ਜਾਂਦਾ ਹੈ। ਪ੍ਰਫੁੱਲਤ ਕਰਨ ਲਈ ਮਾਦਾ ਨੂੰ ਲਗਭਗ 12 ਤੋਂ 15 ਦਿਨਾਂ ਦਾ ਸਮਾਂ ਲੱਗ ਜਾਂਦਾ ਹੈ। ਚੂਚਿਆਂ ਨੂੰ ਨਰ ਅਤੇ ਮਾਦਾ ਦੋਵਾਂ ਵੱਲੋਂ ਖਾਣਾ ਖੁਆਇਆ ਜਾਂਦਾ ਹੈ। 11 ਤੋਂ 15 ਦਿਨਾਂ ਬਾਅਦ ਚੂਚੇ ਉੱਡ ਜਾਂਦੇ ਹਨ। ਲਾਲ ਹਿੱਕੀ ਟਿਕਟਿਕੀ ਨੂੰ ਜੰਗਲਾਂ ਦੀ ਕਟਾਈ ਤੋਂ ਹਮੇਸ਼ਾਂ ਖ਼ਤਰਾ ਰਹਿੰਦਾ ਹੈ ਜਿਸ ਵਿੱਚ ਆਲ੍ਹਣੇ ਬਣਾਉਣ ਵਾਲੀਆਂ ਥਾਵਾਂ ਦਾ ਨੁਕਸਾਨ ਹੁੰਦਾ ਹੈ। ਜੰਗਲਾਂ ਦੀ ਕਟਾਈ ਕਾਰਨ ਕੁਝ ਖੇਤਰਾਂ ਵਿੱਚ ਇਨ੍ਹਾਂ ਦੀ ਗਿਣਤੀ ਘਟ ਗਈ ਹੈ। ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿੱਚ ਰੱਖ ਕੇ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910