ਇਕਬਾਲ ਸਿੰਘ ਸ਼ਾਂਤ
ਲੰਬੀ, 17 ਮਾਰਚ
ਲੰਬੀ ਹਲਕੇ ਦੀ ਸਰਹੱਦੀ ਚੌਕੀ ਕਿੱਲਿਆਂਵਾਲੀ ਨੂੰ ਥਾਣੇ ਦਾ ਦਰਜਾ ਮਿਲ ਗਿਆ ਹੈ, ਜਿਸ ਦਾ ਪਹਿਲਾ ਮੁਖੀ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਲਾਇਆ ਗਿਆ ਹੈ। ਹਾਲ ਦੀ ਘੜੀ ਇਸ ਨਵੇਂ ਥਾਣੇ ਦਾ ਰੁਤਬਾ ‘ਆਰਜ਼ੀ’ ਹੈ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਚੌਕੀ ਨੂੰ ਰੁਤਬੇ ਵਿੱਚ ਤਰੱਕੀ ਦੀ ਪੱਕੀ ਮਨਜ਼ੂਰੀ ਦੀ ਤਜਵੀਜ਼ ਡੀਜੀਪੀ ਪੰਜਾਬ ਨੂੰ ਭੇਜ ਦਿੱਤੀ ਹੈ, ਜੋ ਅਜੇ ਵਿਚਾਰਧੀਨ ਹੈ। ਸਰਕਾਰੀ ਸੂਤਰਾਂ ਅਨੁਸਾਰ ਜਿਸ ਨੂੰ ਛੇਤੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਅੱਜ ਅਹੁਦਾ ਸੰਭਾਲਣ ਉਪਰੰਤ ਥਾਣਾ ਕਿੱਲਿਆਂਵਾਲੀ ਦੇ ਪਹਿਲੇ ਥਾਣਾ ਮੁਖੀ ਇਕਬਾਲ ਸਿੰਘ ਨੇ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਸਰਹੱਦੀ ਖੇਤਰ ਦੇ ਹਾਲਾਤ ਬਾਰੇ ਜਾਣਕਾਰੀ ਸਾਂਝੀ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਥਾਣਾ ਕਿੱਲਿਆਂਵਾਲੀ (ਆਰਜ਼ੀ) ਨਾਲ ਪਿੰਡ ਕੰਦੂਖੇੜਾ, ਭੀਟੀਵਾਲਾ, ਹਾਕੂਵਾਲਾ, ਭੁੱਲਰਵਾਲਾ, ਫੱਤਾਕੇਰਾ, ਮਿੱਡੂਖੇੜਾ, ਘੁਮਿਆਰਾ, ਲੁਹਾਰਾ, ਪਿੰਡ ਕਿੱਲਿਆਂਵਾਲੀ, ਵੜਿੰਗਖੇੜਾ, ਮੰਡੀ ਕਿੱਲਿਆਂਵਾਲੀ, ਫਤੂਹੀਵਾਲਾ, ਸਿੰਘੇਵਾਲਾ, ਰੋੜਾਂਵਾਲੀ, ਕੱਖਾਂਵਾਲੀ, ਢਾਣੀ ਸਿੰਘੇਵਾਲਾ, ਢਾਣੀ ਅੰਮ੍ਰਿਤਪਾਲ ਸਿੰਘ, ਬਾਜੀਗਰ ਬਸਤੀ, ਮਿਠੜੀ ਬੁੱਧਗਿਰ, ਮਹਿਣਾ ਅਤੇ ਗੱਗੜ ਨੂੰ ਸ਼ਾਮਲ ਕੀਤਾ ਗਿਆ ਹੈ।