ਕਰਾਚੀ, 17 ਮਾਰਚ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇੱਕ ਗੱਡੀ ਵਿੱਚ ਸਵਾਰ ਕਬਾਇਲੀ ਆਗੂ ਸਣੇ ਸੱਤ ਜਣਿਆਂ ਦੀ ਮੌਤ ਹੋ ਗਈ। ਬਲੋਚਿਸਤਾਨ ਦੇ ਇੱਕ ਨੀਮ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ੋਬ ਸ਼ਹਿਰ ਤੋਂ 80 ਕਿਲੋਮੀਟਰ ਦੂਰ ਵਾਪਰੀ। ਪੁਲੀਸ ਨੇ ਦੱਸਿਆ ਕਿ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਵਿੱਚ ਇੱਕ ਕਬਾਇਲੀ ਆਗੂ ਅਤੇ ਉਸ ਦੇ ਦੋ ਭਰਾ ਵੀ ਸ਼ਾਮਲ ਹਨ। ਕਿਬਜ਼ਈ, ਉਸ ਦੇ ਭਰਾ ਅਤੇ ਚਾਰ ਹੋਰ ਜਣੇ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਜਦੋਂ ਰਾਹ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ। ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਨੇ ਦੱਸਿਆ ਕਿ ਕਿਬਜ਼ਈ ਦੀ ਸਥਾਨਕ ਲੋਕਾਂ ਨਾਲ ਦੁਸ਼ਮਣੀ ਸੀ, ਜੋ ਹਮਲੇ ਦੀ ਵਜ੍ਹਾ ਹੋ ਸਕਦੀ ਹੈ। -ਪੀਟੀਆਈ