ਮੁਹੰਮਦ ਅੱਬਾਸ ਧਾਲੀਵਾਲ
ਪੰਜਾਬੀ ਸੱਭਿਆਚਾਰ ਵਿੱਚ ਵਿਆਹ ਮੌਕੇ, ਘਰ ਵਿੱਚ ਬੱਚੇ ਦਾ ਜਨਮ ਹੋਣ ਜਾਂ ਫਿਰ ਕੋਈ ਤਿਥ ਤਿਓਹਾਰ ਮੌਕੇ ਅਕਸਰ ਸਕੇ ਸਬੰਧੀਆਂ ਦੇ ਘਰਾਂ ਵਿੱਚ ਲੱਡੂ ਆਦਿ ਭੇਜਣ ਦਾ ਰਿਵਾਜ ਆਮ ਹੈ। ਇਨ੍ਹਾਂ ਮੌਕਿਆਂ ’ਤੇ ਮਠਿਆਈ ਵੰਡਣਾ ਸ਼ਗਨ ਮੰਨਿਆ ਜਾਂਦਾ ਹੈ। ਇੱਥੇ ਘਰ ਵਿੱਚ ਪਹਿਲੇ ਮੁੰਡੇ ਜਾਂ ਕੁੜੀ ਦਾ ਵਿਆਹ ਬੰਨ੍ਹੇ ਜਾਣ ਉਪਰੰਤ ਅਕਸਰ ਸਬੰਧਤ ਮੁੰਡੇ ਜਾਂ ਕੁੜੀ ਦੀ ਮਾਂ ਵੱਲੋਂ ਆਪਣੇ ਪੇਕੇ ਘਰ ਜਾ ਕੇ ਲੱਡੂ ਦਿੱਤੇ ਜਾਂਦੇ ਹਨ ਜਿਸ ਨੂੰ ਭੇਲੀ ਕਿਹਾ ਜਾਂਦਾ ਹੈ। ਭੇਲੀ ਦੇਣ ਦਾ ਮਕਸਦ ਧੀ ਵੱਲੋਂ ਆਪਣੇ ਮਾਪਿਆਂ ਜਾਂ ਭੈਣ ਭਰਾਵਾਂ ਤੇ ਚਾਚਿਆਂ ਤਾਇਆਂ ਨੂੰ ਇੱਕ ਪ੍ਰਕਾਰ ਸੁਨੇਹਾ ਦੇਣਾ ਹੁੰਦਾ ਹੈ ਕਿ ਉਹ ਆਪਣੀ ਪੂਰੀ ਤਿਆਰੀ ਕਰਕੇ ਪਰਿਵਾਰ ਸਮੇਤ ਵਿਆਹ ਮੌਕੇ ਪੁੱਜਣ।
ਉਂਝ ਪਹਿਲੇ ਸਮਿਆਂ ਵਿੱਚ ਪੰਜਾਬੀ ਵਿਆਹਾਂ ਵਿੱਚ ਆਮ ਤੌਰ ’ਤੇ ਮੁੱਖ ਮਠਿਆਈ ਲੱਡੂ-ਜਲੇਬੀਆਂ ਹੀ ਹੁੰਦੇ ਸਨ। ਮਠਿਆਈ ਤਿਆਰ ਕਰਨ ਲਈ ਤਿੰਨ ਚਾਰ ਦਿਨ ਪਹਿਲਾਂ ਹੀ ਘਰ ਵਿੱਚ ਹਲਵਾਈ ਲਾ ਲਿਆ ਜਾਂਦਾ ਸੀ। ਇਸ ਮੌਕੇ ਸ਼ਰੀਕੇ ਵਾਲਿਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਂਦਾ। ਕਿਸੇ ਵੀ ਵਿਆਹ ਵਿੱਚ ਲੱਡੂ-ਜਲੇਬੀਆਂ ਵੱਡੀ ਮਿਕਦਾਰ ਵਿੱਚ ਬਣਾਏ ਜਾਂਦੇ ਅਤੇ ਵੰਡੇ ਜਾਂਦੇ ਸਨ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਆਪਣੇ ਆਂਢ- ਗੁਆਂਢ ਦੇ ਨਾਲ ਨਾਲ ਭਾਈਚਾਰੇ ਤੇ ਰਿਸ਼ਤੇਦਾਰਾਂ ਤੇ ਸ਼ਰੀਕਾਂ ਆਦਿ ਨੂੰ ਮਠਿਆਈ ਵੰਡੀ ਜਾਂਦੀ। ਇਸ ਨੂੰ ਵੀ ਭਾਜੀ ਹੀ ਆਖਦੇ ਸਨ।
ਹੁਣ ਮਠਿਆਈ ਦੀ ਕਿਸਮ ਅਤੇ ਇਸ ਸਬੰਧੀ ਰਿਵਾਜਾਂ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਸਮਿਆਂ ਵਿੱਚ ਨਾ ਤਾਂ ਮਠਿਆਈ ਮੁੱਲ ਲੈਣ ਦਾ ਰਿਵਾਜ ਸੀ ਤੇ ਨਾ ਹੀ ਅੱਜ ਵਾਂਗ ਵਿਆਹ ਪੈਲੇਸਾਂ ਵਿੱਚ ਹੁੰਦੇ ਸਨ। ਵਿਆਹ ਲੜਕੇ ਦਾ ਹੋਵੇ ਭਾਵੇਂ ਲੜਕੀ ਦਾ ਘਰ ਵਿੱਚ ਕਈ ਦਿਨ ਪਹਿਲਾਂ ਹੀ ਹਲਵਾਈ ਲਗਾ ਲਿਆ ਜਾਂਦਾ। ਉਸ ਨੇ ਆਪਣੀਆਂ ਭੱਠੀਆਂ ਤਿਆਰ ਕਰਕੇ ਮਠਿਆਈ ਬਣਾਉਣੀ ਸ਼ੁਰੂ ਕਰ ਦੇਣੀ। ਜਿਸ ਦਿਨ ਹਲਵਾਈ ਨੇ ਘਰ ਲੱਗਣਾ ਹੁੰਦਾ ਸ਼ਰੀਕੇ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦੇ ਕੇ ਬੁਲਾਇਆ ਜਾਂਦਾ। ਇਸ ਰਸਮ ਨੂੰ ‘ਕੜਾਹੀ ਚਾੜ੍ਹਨਾ’ ਆਖਿਆ ਜਾਂਦਾ।
ਉਨ੍ਹੀਂ ਦਿਨੀਂ ਲੱਡੂਆਂ ਨੂੰ ਵੱਟਣ ਦਾ ਦ੍ਰਿਸ਼ ਵੀ ਅਤਿ ਦਿਲਕਸ਼ ਹੁੰਦਾ ਸੀ। ਇੱਕ ਵੱਡੇ ਕੜਾਹੇ ਜਾਂ ਦੇਗੇ ਵਿੱਚ ਬੂੰਦੀ ਤੇ ਚਾਸ਼ਣੀ ਨਾਲ ਤਿਆਰ ਕੀਤੇ ਲੱਡੂਆਂ ਦੇ ਸਾਮਾਨ ਨੂੰ ਸ਼ਰੀਕੇ ਵਾਲੇ ਤੇ ਦੂਜੇ ਰਿਸ਼ਤੇਦਾਰ ਇਕੱਠੇ ਬੈਠ ਕੇ ਉਨ੍ਹਾਂ ਦੇ ਲੱਡੂ ਵੱਟਦੇ। ਲੱਡੂਆਂ ਨੂੰ ਸੁਕਾਉਣ ਲਈ ਵੀ ਮੰਜਿਆਂ ਆਦਿ ’ਤੇ ਕੱਪੜੇ ਵਿਛਾ ਕੇ ਪਾਇਆ ਜਾਂਦਾ।
ਜਦੋਂ ਨਾਨਕਿਆਂ ਨੇ ਛੱਕ ਭਰਨ ਲਈ ਆਉਣਾ ਤਾਂ ਇਨ੍ਹਾਂ ਲੱਡੂਆਂ ਦੀ ਰੰਗਤ ਵੇਖਣ ਵਾਲੀ ਹੁੰਦੀ। ਨਾਨਕੇ ਮੇਲ ਨੂੰ ਪਰਾਤਾਂ ਭਰ ਭਰ ਲੱਡੂ ਜਲੇਬੀਆਂ ਅਤੇ ਦੂਜੀ ਮਠਿਆਈ ਭਾਜੀ ਦੇ ਰੂਪ ਵਿੱਚ ਦਿੱਤੀ ਜਾਂਦੀ। ਨਾਨਕਾ ਮੇਲ ਕਈ ਦਿਨਾਂ ਤੱਕ ਵਿਆਹ ਵਾਲੇ ਘਰ ਲੱਡੂ-ਜਲੇਬੀਆਂ ਦਾ ਆਨੰਦ ਮਾਣਦਾ। ਉਦੋਂ ਕੁੜੀ ਦੇ ਵਿਆਹ ਮੌਕੇ ਬਰਾਤ ਆਉਣ ਸਮੇਂ ਤੇ ਫਿਰ ਰੋਟੀ ਤੋਂ ਪਹਿਲਾਂ ਬਰਾਤ ਨੂੰ ਖੂਬ ਲੱਡੂ-ਜਲੇਬੀਆਂ ਵੰਡੇ ਜਾਂਦੇ ਸਨ। ਜਦੋਂ ਕਿ ਉਸ ਤੋਂ ਵੀ ਪਹਿਲਾਂ ਬਰਾਤਾਂ ਨੂੰ ਲੜਕੀ ਵਾਲੇ ਕਈ ਕਈ ਦਿਨ ਤੱਕ ਠਹਿਰਾਉਂਦੇ ਸਨ। ਉਦੋਂ ਅੱਜਕੱਲ੍ਹ ਵਾਂਗ ਬਹੁਤੇ ਪਕਵਾਨ ਨਹੀਂ ਸਨ ਹੁੰਦੇ। ਅਕਸਰ ਵਿਆਹਾਂ ਵਿੱਚ ਬਾਰਾਤ ਲਈ ਉਬਾਲੇ ਹੋਏ ਚਾਵਲ ਹੁੰਦੇ ਸਨ ਜਿਨ੍ਹਾਂ ’ਤੇ ਸ਼ੱਕਰ ਭੁੱਕ ਦਿੱਤੀ ਜਾਂਦੀ ਤੇ ਉੱਪਰੋਂ ਗਰਮ ਗਰਮ ਦੇਸੀ ਘਿਓ ਪਾਇਆ ਜਾਂਦਾ। ਜਿਸ ਕਿਸੇ ਨੇ ਖੁੱਲ੍ਹਾ ਘਿਓ ਵਰਤਾਉਣਾ ਤਾਂ ਬਰਾਤੀਆਂ ਨੇ ਘਰ ਵਾਪਸ ਆ ਕੁੜੀ ਵਾਲਿਆਂ ਦੀਆਂ ਸਿਫ਼ਤਾਂ ਕਰਨੀਆਂ ਕਿ ਬਰਾਤ ਦੀ ਖੂਬ ਸੇਵਾ ਕੀਤੀ।
ਵਿਆਹ ਦੌਰਾਨ ਨਿਉਂਦਾ ਲੈਣ ਦਾ ਰਿਵਾਜ ਸੀ। ਨਿਉਂਦਾ ਲਿਖਣ ਵਾਲੇ ਕੋਲ ਇੱਕ ਲੱਡੂਆਂ ਦਾ ਥਾਲ ਰੱਖਿਆ ਜਾਂਦਾ ਸੀ। ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਦੀ ਵਿਦਾਇਗੀ ਸਮੇਂ ਉਨ੍ਹਾਂ ਨੂੰ ਕਾਫ਼ੀ ਭਾਜੀ ਬੰਨ੍ਹ ਕੇ ਦਿੱਤੀ ਜਾਂਦੀ। ਨਾਨਕਿਆਂ ਨੂੰ ਪੱਕੀ ਭਾਜੀ ਤੇ ਕੱਚੀ ਭਾਜੀ ਅਲੱਗ-ਅਲੱਗ ਦਿੱਤੀ ਜਾਂਦੀ। ਵਿਆਹ ਦੇ ਖਤਮ ਹੋਣ ਉਪਰੰਤ ਨਾਨਕਿਆਂ ਨੂੰ ‘ਕੋਠੀ-ਝਾੜ’ ਵੀ ਜਾਂਦਾ ਹੈ। ਇਸ ਵਿੱਚ ਵਿਆਹੁਤਾ ਲੜਕੇ ਜਾਂ ਲੜਕੀ ਦੀ ਮਾਂ ਆਪਣੇ ਪੇਕਿਆਂ ਨੂੰ ਵਿਆਹ ਖਤਮ ਹੋਣ ਉਪਰੰਤ ਮਠਿਆਈ ਦੇਣ ਜਾਂਦੀ ਸੀ। ਇਸ ਨੂੰ ਸ਼ਗਨ ਸਮਝਿਆ ਜਾਂਦਾ ਸੀ। ਫਿਰ ਇਸ ਕੋਠੀ ਝਾੜ ਵਾਲੀ ਭਾਜੀ ਵਿੱਚੋਂ ਵੀ ਲੱਡੂ ਤੇ ਖੁਰਮੇ ਆਦਿ ਆਪਣੇ ਸ਼ਰੀਕੇ ਵਿੱਚ ਵੰਡਦੇ। ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਸੀ।
ਪਹਿਲਾਂ ਜਦੋਂ ਵਿਆਹ ਘਰਾਂ ਵਿੱਚ ਟੈਂਟ ਲਾ ਕੇ ਹੋਇਆ ਕਰਦੇ ਸਨ ਤਾਂ ਘਰ ਵਿੱਚ ਕਈ ਦਿਨਾਂ ਤੱਕ ਰੌਣਕ ਰਹਿਣੀ। ਇਸ ਦੌਰਾਨ ਦਾਦਕੀਆਂ ਨੇ ਨਾਨਕੀਆਂ ਨੂੰ ਤੇ ਨਾਨਕੀਆਂ ਨੇ ਦਾਦਕੀਆਂ ਨੂੰ ਸਿੱਠਣੀਆਂ ਦੇਣੀਆਂ। ਬੋਲੀਆਂ ਪਾਉਣੀਆਂ ਤੇ ਗਿੱਧਾ ਪੈਣਾ।
ਅੱਜ ਪੈਲੇਸ ਕਲਚਰ ਨੇ ਸਾਡੇ ਕਈ ਰਿਵਾਜਾਂ ਨੂੰ ਖਤਮ ਹੀ ਕਰ ਦਿੱਤਾ ਹੈ। ਅੱਜ ਪੈਲੇਸਾਂ ਵਿੱਚ ਜੋ ਡੀਜੇ ਤੇ ਆਰਕੈਸਟਰਾ ਦੀਆਂ ਉੱਚੀਆਂ ਤੇ ਧਮਕ ਪਾਊ ਆਵਾਜ਼ਾਂ ਰਾਹੀਂ ਪ੍ਰਦੂਸ਼ਣ ਫੈਲਦਾ ਹੈ, ਉਹ ਯਕੀਨਨ ਅਸਹਿ ਹੁੰਦਾ ਹੈ। ਅਜੋਕੇ ਵਿਆਹ ਨੂੰ ਪੈਲੇਸਾਂ ਦੀ ਰੀਤ ਨੇ ਇੱਕ ਵਪਾਰ ਬਣਾ ਛੱਡਿਆ ਹੈ। ਜਿਹੜੇ ਵਿਆਹ ਵਿੱਚ ਕਈ ਕਈ ਦਿਨਾਂ ਤੱਕ ਬਰਾਤਾਂ ਠਹਿਰਦੀਆਂ ਸਨ, ਹੁਣ ਉਹੋ ਵਿਆਹ ਮਹਿਜ਼ ਦੋ ਢਾਈ ਘੰਟਿਆਂ ਵਿੱਚ ਸੰਪੰਨ ਹੋ ਜਾਂਦੇ ਹਨ।
ਇੱਥੋਂ ਤਕ ਕਿ ਵਿਆਹ ਦੇ ਕਾਰਡਾਂ ਉੱਤੇ ਵੀ ਵਧੇਰੇ ਕਰਕੇ ਘਰ ਦੀ ਥਾਂ ਅਕਸਰ ਪੈਲੇਸ ਦਾ ਪਤਾ ਹੀ ਲਿਖਿਆ ਮਿਲਦਾ ਹੈ ਤੇ ਬਹੁਤ ਸਾਰੇ ਰਿਸ਼ਤੇਦਾਰ ਤੇ ਸਕੇ-ਸਬੰਧੀ ਵਿਆਹ ਵਿੱਚ ਸ਼ਾਮਲ ਹੋਣ ਨੂੰ ਮਹਿਜ਼ ਇੱਕ ਰਸਮ ਮਹਿਸੂਸ ਕਰਦੇ ਹਨ। ਇਹੋ ਵਜ੍ਹਾ ਹੈ ਕਿ ਲੋਕੀਂ ਇਸ ਰਸਮ ਨੂੰ ਨਿਭਾਉਣ ਹਿਤ ਸਿੱਧੇ ਪੈਲੇਸ ਹੀ ਪਹੁੰਚਦੇ ਹਨ ਤੇ ਸ਼ਗਨ ਪਾਉਣ ਦੀ ਰਸਮੀ ਕਾਰਵਾਈ ਪਾ ਕੇ ਚੱਲਦੇ ਬਣਦੇ ਹਨ।
ਸੰਪਰਕ: 98552-59650