ਲਾਲੀ ਸਿੱਧੂ
ਅੱਜ ਹਰ ਮਾਂ-ਬਾਪ ਬੱਚਿਆਂ ਦੇ ਰਿਸ਼ਤੇ ਲੱਭਦਾ ਲੱਭਦਾ ਬਹੁਤ ਪਰੇਸ਼ਾਨ ਹੈ। ਅਖ਼ਬਾਰਾਂ ਜਾਂ ਮੈਟਰੀਮੋਨੀਅਲ ਵੈੱਬਸਾਈਟਾਂ ’ਤੇ ਉੁਨ੍ਹਾਂ ਲੋਕਾਂ ਦਾ ਕਬਜ਼ਾ ਹੋ ਚੁੱਕਿਆ ਹੈ ਜੋ ਹਮੇਸ਼ਾਂ ਆਪਣੇ ਹਿੱਤਾਂ ਜਾਂ ਕਮਾਈ ਨੂੰ ਅੱਗੇ ਰੱਖਦੇ ਹਨ। ਇਨ੍ਹਾਂ ਲੋਕਾਂ ਦਾ ਕੰਮ ਹਮੇਸ਼ਾਂ ਆਪਣਾ ਤੋਰੀ ਫੁਲਕਾ ਚਾਲੂ ਰੱਖਣਾ ਹੈ। ਅੱਜ ਜ਼ਿਆਦਾਤਰ ਅਖ਼ਬਾਰਾਂ ਵਿੱਚ ਵਿਆਹ ਸ਼ਾਦੀ ਵਾਲੇ ਕਾਲਮਾਂ ਵਿੱਚ ਬੱਚਿਆਂ ਦੇ ਵਾਰਸਾਂ ਦੇ ਨਾਲ ਨਾਲ ਮੈਰਿਜ ਬਿਊਰੋ ਵਾਲਿਆਂ ਦੇ ਇਸ਼ਤਿਹਾਰ ਵੀ ਹੁੰਦੇ ਹਨ। ਬਿਊਰੋ ਵਾਲਿਆਂ ਵੱਲੋਂ ਇਨ੍ਹਾਂ ਲੋਕਾਂ ਵੱਲੋਂ ਦਿੱਤੇ ਇਸ਼ਤਿਹਾਰਾਂ ਤੋਂ ਹੀ ਨਿੱਜੀ ਜਾਣਕਾਰੀ ਕਾਪੀ ਕਰਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ। ਜਦੋਂਕਿ ਕਾਨੂੰਨ ਅਨੁਸਾਰ ਕਿਸੇ ਦੀ ਨਿੱਜੀ ਸੂਚਨਾ ਉਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਈ ਜਾ ਸਕਦੀ, ਪਰ ਭੋਲੇ ਭਾਲੇ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੱਚੇ ਦੇ ਰਿਸ਼ਤੇ ਲਈ ਮੈਰਿਜ ਬਿਊਰੋ ਵੱਲੋਂ ਵੱਖਰਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ।
ਸਾਧਾਰਨ ਲੋਕ ਇਨ੍ਹਾਂ ਮੈਰਿਜ ਬਿਊਰੋ ਮਾਫ਼ੀਆ ਦੇ ਮਨਸੂਬਿਆਂ ਤੋਂ ਅਣਜਾਣ ਹੁੰਦੇ ਹਨ। ਜਦੋਂ ਅਖ਼ਬਾਰਾਂ ਵਿੱਚ ਮੈਰਿਜ ਬਿਊਰੋ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਮੋਬਾਈਲ ਨੰਬਰ ਉੱਪਰ ਕੋਈ ਮਾਂ-ਬਾਪ ਗੱਲ ਕਰਦਾ ਹੈ ਤਾਂ ਕਿ ਇਹ ਹਮੇਸ਼ਾਂ ਇਹੀ ਕਹਿਣਗੇ ਕਿ ਅਸੀਂ ਆਪਣੀ ਬੇਟੀ, ਬੇਟੇ ਜਾਂ ਕਹਿਣਗੇ ਕਿ ਨਜ਼ਦੀਕੀ ਰਿਸ਼ਤੇਦਾਰ ਦੀ ਬੱਚੀ ਜਾਂ ਬੱਚੇ ਦੇ ਰਿਸ਼ਤੇ ਲਈ ਇਸ਼ਤਿਹਾਰ ਦਿੱਤਾ ਹੈ। ਇਸ ਤਰ੍ਹਾਂ ਕਰਕੇ ਇਹ ਮਾਪਿਆਂ ਕੋਲੋਂ ਉਨ੍ਹਾਂ ਦੀ ਨਿੱਜੀ ਸੂਚਨਾ ਵੀ ਚਲਾਕੀ ਨਾਲ ਲੈ ਲੈਂਦੇ ਹਨ ਜਿਸ ਵਿੱਚ ਬੱਚੇ/ਬੱਚੀ ਦਾ ਪੜ੍ਹਾਈ ਦਾ ਵੇਰਵਾ, ਪਰਿਵਾਰ ਦਾ ਪੂਰਾ ਵੇਰਵਾ ਸਮੇਤ ਆਮਦਨੀ ਸਾਧਨ ਆਦਿ ਦੀ ਜਾਣਕਾਰੀ ਇਕੱਤਰ ਕਰ ਲਈ ਜਾਂਦੀ ਹੈ। ਅਜਿਹੇ ਵਿੱਚ ਮਾਪੇ ਇਨ੍ਹਾਂ ਦੇ ਵਿਛਾਏ ਹੋੲੇ ਜਾਲ ਵਿੱਚ ਫਸ ਜਾਂਦੇ ਹਨ। ਫਿਰ ਸ਼ੁਰੂ ਹੁੰਦੀਆਂ ਹਨ ਇਨ੍ਹਾਂ ਦੀਆਂ ਚਾਲਾਂ। ਕਦੇ ਕਹਿਣਗੇ ਕਿ ਤੁਹਾਡੀ ਬੱਚੀ ਜਾਂ ਬੱਚੇ ਦੀ ਪ੍ਰੋਫਾਇਲ ਬਹੁਤ ਚੰਗੀ ਹੈ, ਤੁਹਾਡਾ ਸਟੇਟਸ ਵੀ ਵਧੀਆ ਹੈ, ਇਸ ਲਈ ਤੁਹਾਡੇ ਲੈਵਲ ਦਾ ਪਰਿਵਾਰ ਲੱਭ ਰਹੇ ਹਾਂ। ਅਸੀਂ ਉਸ ਪਰਿਵਾਰ ਨਾਲ ਤੁਹਾਡੀ ਮੀਟਿੰਗ ਕਰਾਉਣ ਲਈ ਕਿਸੇ ਟੈਕਨੀਕਲ ਬੰਦੇ ਨੂੰ ਹਾਇਰ ਕਰਨਾ ਚਾਹੁੰਦੇ ਹਾਂ ਜੋ ਸਿਰਫ਼ ਤੁਹਾਡੇ ਪ੍ਰੋਫਾਇਲ ਦੇ ਲੋਕਾਂ ਦੇ ਕੇਸਾਂ ਨੂੰ ਹੀ ਹੈਂਡਲ ਕਰੇਗਾ। ਕਈ ਵਾਰੀ ਅਣਭੋਲ ਲੋਕ ਇਨ੍ਹਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਹਨ। ਖਾਨਦਾਨੀ ਪਰਿਵਾਰ ਮਿਲਾਉਣ ਦੇ ਚੱਕਰਾਂ ਵਿੱਚ ਇਹ ਲੋਕ ਉੁਨ੍ਹਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਹਨ ਜਦੋਂ ਕਿ ਇਹ ਅਖ਼ਬਾਰਾਂ ਪੜ੍ਹ ਪੜ੍ਹ ਉਹੀ ਸੂਚਨਾ ਮਾਪਿਆਂ ਨੂੰ ਈਮੇਲਾਂ ਜਾਂ ਵੱਟਸਐਪ ’ਤੇ ਭੇਜੀ ਜਾਂਦੇ ਹਨ।
ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੇ ਪਰਿਵਾਰਾਂ ਨੇ ਦੁਖੀ ਹੋ ਕੇ ਇਸ਼ਤਿਹਾਰ ਵਿੱਚ ਸਪੱਸ਼ਟ ਲਿਖਣਾ ਸ਼ੁਰੂ ਕਰ ਦਿੱਤਾ ਕਿ ਮੈਰਿਜ ਬਿਊਰੋ ਵਾਲੇ ਲੋਕ ਮੁਆਫ਼ ਕਰਨ, ਪਰ ਫਿਰ ਵੀ ਇਹ ਨਹੀਂ ਹਟਦੇ। ਤੁਸੀਂ ਹੈਰਾਨ ਹੋਵੋਗੇ ਕਿ ਅੱਜਕੱਲ੍ਹ ਤਾਂ ਗੁਰਦੁਆਰਿਆਂ ਦੇ ਗ੍ਰੰਥੀ, ਮੰਦਰਾਂ ਦੇ ਪੁਜਾਰੀ, ਜੋਤਸ਼ੀ ਵੀ ਮੈਰਿਜ ਬਿਊਰੋ ਮਾਫ਼ੀਏ ਵਾਂਗ ਕੰਮ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਮਾਪਿਆਂ ਨੂੰ ਕੁੰਡਲੀਆਂ ਦੇ ਚੱਕਰਾਂ ਵਿੱਚ ਪਾ ਕੇ ਗ੍ਰਹਿ ਦੋਸ਼ਾਂ ਦੇ ਚੱਕਰਾਂ ਨਾਲ ਡਰਾ ਰੱਖਿਆ ਹੈ। ਜਦੋਂ ਤੁਸੀਂ ਅਖ਼ਬਾਰ ਦੇ ਇਸ਼ਤਿਹਾਰ ਵਿੱਚ ਦਿੱਤੇ ਮੋਬਾਈਲ ਨੰਬਰ ਉੱਤੇ ਉੁਨ੍ਹਾਂ ਨਾਲ ਗੱਲ ਕਰਦੇ ਹੋ ਕਿ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਸਾਡੇ ਜਜ਼ਮਾਨ ਜੋ ਬਹੁਤ ਵੱਡੇ ਉਦਯੋਗਪਤੀ ਜਾਂ ਅਫ਼ਸਰ ਹਨ, ਉੁਨ੍ਹਾਂ ਨੇ ਸਾਨੂੰ ਚੰਗੀ ਕੁੰਡਲੀ ਵਾਲਾ ਬੱਚਾ ਜਾਂ ਬੱਚੀ ਲੱਭਣ ਲਈ ਕਿਹਾ ਹੈ। ਇਹ ਲੋਕ ਮੈਰਿਜ ਬਿਊਰੋ ਮਾਫ਼ੀਆ ਦਾ ਸਿੱਧਾ ਜਾਂ ਅਸਿੱਧਾ ਹਿੱਸਾ ਹੁੰਦੇ ਹਨ। ਇਹ ਜੋਤਿਸ਼ ਦੇ ਨਾਂ ਉੱਤੇ ਮਜਬੂਰੀ ਵੱਸ ਮਾਪਿਆਂ ਨੂੰ ਕਦੇ ਕਾਲ ਸਰਪ ਦੋਸ਼, ਕਦੇ ਮੰਗਲੀਕ ਦੋਸ਼ ਦਾ ਡਰ ਪੈਦਾ ਕਰਕੇ ਮਾਪਿਆਂ ਨੂੰ ਦੋਵੇਂ ਹੱਥੀਂ ਲੁੱਟਦੇ ਹਨ।
ਅੱਜ ਜਦੋਂ ਦੁਨੀਆ ਮੰਗਲ ਗ੍ਰਹਿ ’ਤੇ ਪਹੁੰਚ ਰਹੀ ਹੈ ਤਾਂ ਸਾਡੇ ਦੇਸ਼ ਦੇ ਲੋਕ ਇਨ੍ਹਾਂ ਵਹਿਮਾਂ ਭਰਮਾਂ ਵਿੱਚ ਫਸ ਕੇ ਆਪ ਵੀ ਪਰੇਸ਼ਾਨ ਹੁੰਦੇ ਹਨ ਅਤੇ ਬੱਚਿਆਂ ਨੂੰ ਵੀ ਪਰੇਸ਼ਾਨ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਸਾਡੇ ਸਮਾਜ ਵਿੱਚ ਬੱਚਿਆਂ ਦੀ ਯੋਗਤਾ ਦੇ ਆਧਾਰ ਉੱਤੇ ਰਿਸ਼ਤੇ ਨਹੀਂ ਕੀਤੇ ਜਾਂਦੇ ਸਗੋਂ ਜਾਤ ਧਰਮ ਨੂੰ ਪਹਿਲਾਂ ਦੇਖਿਆ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਦੇ ਲੋਕ ਸਾਡੇ ਲੋਕਾਂ ਨਾਲੋਂ ਬੌਧਿਕ ਤੌਰ ’ਤੇ ਬਹੁਤ ਸੂਝਵਾਨ ਹਨ। ਉਹ ਆਪਣੇ ਬੱਚੇ ਨੂੰ ਆਪਣੇ ਪਸੰਦ ਦਾ ਜੀਵਨ ਸਾਥੀ ਚੁਣਨ ਲਈ ਹਮੇਸ਼ਾਂ ਆਜ਼ਾਦੀ ਦਿੰਦੇ ਹਨ ਨਾ ਕਿ ਧਰਮ, ਜਾਤ ਜਾਂ ਕੁੰਡਲੀ ਨਾਲ ਰੋੜਾ ਬਣਦੇ ਹਨ। ਕਈ ਦੇਸ਼ਾਂ ਵਿੱਚ ਪ੍ਰੋਫੈਸ਼ਨਲ ਨੌਜਵਾਨ ਪ੍ਰੋਫੈਸ਼ਨਲ ਜੀਵਨ ਸਾਥੀ ਨਾਲ ਵਿਆਹ ਕਰਦੇ ਹਨ ਤਾਂ ਕੇ ਆਉਣ ਵਾਲੀਆਂ ਨਸਲਾਂ ਹੋਰ ਵਧੀਆ ਸੋਚ ਅਤੇ ਬੌਧਿਕ ਤੌਰ ਉੱਤੇ ਉੱਚੀ ਸੋਚ ਵਾਲੀਆਂ ਪੈਦਾ ਹੋਣ। ਸਾਡੇ ਦੇਸ਼ ਵਿੱਚ ਉਲਟਾ ਹੀ ਹੋ ਰਿਹਾ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਮੰਗਲੀਕ ਦੋਸ਼ ਜਾਂ ਕਾਲ ਸਰਪ ਦੋਸ਼ਾਂ ਦਾ ਡਰ ਪੈਦਾ ਕਰਕੇ ਉਨ੍ਹਾਂ ਦੇ ਚੰਗਾ ਜੀਵਨ ਸਾਥੀ ਚੁਣਨ ਦੇ ਰਾਹ ਵਿੱਚ ਰੋੜੇ ਵਿਛਾ ਦਿੰਦੇ ਹਨ ਤਾਂ ਜੋ ਉਹ ਆਰਾਮ ਦੀ ਜ਼ਿੰਦਗੀ ਨਾ ਗੁਜ਼ਾਰ ਸਕਣ।
ਮਾਪਿਆਂ ਨੂੰ ਕੁੰਡਲੀ ਦੋਸ਼, ਧਰਮ ਤੇ ਜਾਤ ਤੋਂ ਜਿੱਥੇ ਉੱਪਰ ਉੱਠਣ ਦੀ ਜ਼ਰੂਰਤ ਹੈ, ਉੱਥੇ ਦੂਜੇ ਪਾਸੇ ਸਰਕਾਰ ਨੂੰ ਖੁੰਭਾਂ ਵਾਂਗ ਉੱਗੇ ਮੈਰਿਜ ਬਿਊਰੋ ਦੇ ਦਫ਼ਤਰ ਅਤੇ ਵੈੱਬਸਾਈਟਾਂ ’ਤੇ ਕਾਨੂੰਨ ਨਾਲ ਨਕੇਲ ਕੱਸਣੀ ਚਾਹੀਦੀ ਹੈ। ਸਰਕਾਰਾਂ ਨੂੰ ਇਸ ਤਰ੍ਹਾਂ ਦੇ ਮਾਫ਼ੀਆ ਪੈਦਾ ਹੋਣ ਤੋਂ ਪਹਿਲਾਂ ਹੀ ਕਾਨੂੰਨ ਦੇ ਸ਼ਿਕੰਜੇ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਇਨ੍ਹਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ। ਮੈਰਿਜ ਬਿਊਰੋ ਨਾਲ ਸਬੰਧਤ ਕੰਮ ਕਰਨ ਵਾਲੇ ਲੋਕਾਂ ਨੂੰ ਰਜਿਸਟਰਡ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਰਾਜ ਸਰਕਾਰ ਦੀ ਆਮਦਨ ਵੀ ਵਧ ਸਕਦੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਨ੍ਹਾਂ ਦੀ ਨਿਗਰਾਨ ਏਜੰਸੀ ਦੇ ਤੌਰ ਉਤੇ ਕੰਮ ਕਰਨ ਲਈ ਕੋਈ ਅਥਾਰਟੀ ਬਣਾ ਕੇ ਮੈਰਿਜ ਬਿਊਰੋ ਕੇਂਦਰਾਂ ਉੱਪਰ ਸਮੇਂ ਸਮੇਂ ਚੈੱਕ ਰੱਖ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਆਮ ਲੋਕਾਂ ਨਾਲ ਹੋਣ ਵਾਲੀਆਂ ਵਿੱਤੀ ਧੋਖਾਧੜੀਆਂ ਵੀ ਰੋਕੀਆਂ ਜਾ ਸਕਦੀਆਂ ਹਨ। ਮੈਰਿਜ ਬਿਊਰੋ ਸੈਂਟਰਾਂ ਦੀਆਂ ਫੀਸਾਂ ਵੀ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਜਾਣ।
ਸੰਪਰਕ: 95306-65947