ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਅੱਜ ਜਦੋਂ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਵਿਧਾਨ ਸਭਾ ’ਚ ਪਹੁੰਚੇ ਤਾਂ ਕਾਂਗਰਸ ਨੇ ਸਿਫਰ ਕਾਲ ਵਿੱਚ ਹੰਗਾਮਾ ਕਰ ਕੇ ਵਾਕਆਊਟ ਦਿੱਤਾ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੂਬਾ ਸਰਕਾਰ ’ਤੇ ਸੰਦੀਪ ਸਿੰਘ ਨੂੰ ਬਚਾਉਣ ਦੇ ਦੋਸ਼ ਵੀ ਲਗਾਏ।
ਕਾਂਗਰਸੀ ਵਿਧਾਇਕ ਆਫਤਾਬ ਅਹਿਮਦ ਤੇ ਗੀਤਾ ਭੁੱਕਲ ਨੇ ਵੀ ਸੰਦੀਪ ਸਿੰਘ ਦਾ ਵਿਰੋਧ ਕੀਤਾ, ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੰਦੀਪ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਸੰਦੀਪ ਸਿੰਘ ’ਤੇ ਲੱਗੇ ਕਥਿਤ ਦੋਸ਼ਾਂ ਦੀ ਚੰਡੀਗੜ੍ਹ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਦੋਂ ਤੱਕ ਜਾਂਚ ਜਾਰੀ ਹੈ, ਉਸ ਸਮੇਂ ਤੱਕ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ।
ਦੂਜੇ ਪਾਸੇ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਸੰਦੀਪ ਸਿੰਘ ਦੀ ਮੌਜੂਦਗੀ ਖ਼ਿਲਾਫ਼ ਜੂਨੀਅਰ ਮਹਿਲਾ ਕੋਚ ਵੀ ਵਿਧਾਨ ਸਭਾ ਪਹੁੰਚ ਗਈ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਵਿਧਾਨ ਸਭਾ ਦੇ ਗੇਟ ’ਤੇ ਹੀ ਰੋਕ ਦਿੱਤਾ। ਇਸ ਮੌਕੇ ਮਹਿਲਾ ਕੋਚ ਨੇ ਚੰਡੀਗੜ੍ਹ ਪੁਲੀਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ 80 ਦਿਨ ਬੀਤ ਜਾਣ ਦੇ ਬਾਵਜੂਦ ਚੰਡੀਗੜ੍ਹ ਪੁਲੀਸ ਨੇ ਸੰਦੀਪ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ’ਤੇ ਅਭੈ ਚੌਟਾਲਾ ਨੇ ਕੀਤਾ ਵਾਕਆਊਟ
ਇਨੈਲੋ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸੂਬੇ ’ਚ ਕਿਸਾਨਾਂ ਸਿਰ ਵਧ ਰਹੇ ਕਰਜ਼ੇ ਤੇ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਸਾਨਾਂ ਨੂੰ ਸਾਰੇ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ੇ ਦਾ ਹਿਸਾਬ ਪੁੱਛਿਆ ਤਾਂ ਹਰਿਆਣਾ ਸਰਕਾਰ ਸਿਰਫ਼ ਸਹਿਕਾਰੀ ਬੈਂਕਾਂ ਦੀ ਜਾਣਕਾਰੀ ਹੀ ਮੁਹੱਈਆ ਕਰਵਾ ਸਕੀ। ਅਭੈ ਸਿੰਘ ਚੌਟਾਲਾ ਦੀ ਹਮਾਇਤ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਵੀ ਖੜ੍ਹੇ ਦਿਖਾਈ ਦਿੱਤੇ। ਸਰਕਾਰ ਵੱਲੋਂ ਸਹੀ ਕਾਰਵਾਈ ਨਾ ਕੀਤੇ ਜਾਣ ਤੋਂ ਖਫਾ ਅਭੈ ਚੌਟਾਲਾ ਨੇ ਵਾਕਆਊਟ ਕਰ ਦਿੱਤਾ।
ਘੱਗਰ ਦੀ ਸਫਾਈ ਕਰਵਾਉਣ ਦੀ ਮੰਗ ਉੱਠੀ
ਸਿਫਰ ਕਾਲ ਵਿੱਚ ਜੇਜੇਪੀ ਦੇ ਵਿਧਾਇਕ ਈਸ਼ਵਰ ਸਿੰਘ ਨੇ ਘੱਗਰ ਨਦੀ ਦੀ ਸਫਾਈ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਘੱਗਰ ਨਦੀ ਅੱਜ ਗੰਦਾ ਨਾਲਾ ਬਣ ਕੇ ਰਹਿ ਚੁੱਕੀ ਹੈ, ਜਿਸ ਵਿੱਚ ਮਨੀਮਾਜਰਾ, ਬਲਟਾਣਾ ਅਤੇ ਜ਼ੀਰਕਪੁਰ ਸਣੇ ਪੰਜਾਬ ਦੇ ਕਈ ਸ਼ਹਿਰਾਂ ਦਾ ਗੰਦਾ ਪਾਣੀ ਡਿੱਗ ਰਿਹਾ ਹੈ। ਉਨ੍ਹਾਂ ਘੱਗਰ ਨੂੰ ਸਾਫ ਕਰਨ ਦੀ ਮੰਗ ਕਰਦਿਆਂ ਇਸ ਕਾਰਵਾਈ ਲਈ ਚੰਡੀਗੜ੍ਹ ਤੇ ਪੰਜਾਬ ਨਾਲ ਸੰਪਰਕ ਕਰਨ ਦੀ ਮੰਗ ਕੀਤੀ।