ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਨਾਲ ਸਬੰਧਤ ਲੜਕੀ ਨੇ ਇੱਥੇ ਖਾਲਸਾ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਲੜਕੀ ਬੈਚੁਲਰ ਆਫ਼ ਫਿਜ਼ੀਓਥੈਰਪੀ ਦਾ ਕੋਰਸ ਕਰ ਰਹੀ ਸੀ। ਉਸ ਦੀ ਸ਼ਨਾਖਤ ਤਨਿਕਾ ਸ਼ਰਮਾ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਖਾਲਸਾ ਕਾਲਜ ਵਿਚ ਜੀ-20 ਸੰਮੇਲਨ ਚੱਲ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੜਕੀ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦੀ ਪ੍ਰੀਖਿਆ ਵੀ ਠੀਕ ਨਹੀਂ ਹੋਈ ਸੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੋਬਾਈਲ ਰਾਹੀਂ ਵੀਡੀਓ ਵੀ ਬਣਾਈ। ਕਾਲਜ ਪ੍ਰਸ਼ਾਸਨ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਤ ਨੂੰ ਹੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ ਤੇ ਪੁਲੀਸ ਨੇ ਮ੍ਰਿਤਕ ਦੇਹ ਅੱਜ ਪਰਿਵਾਰ ਨੂੰ ਸੌਂਪ ਦਿੱਤੀ ਹੈ।