ਚੇਨੱਈ, 24 ਮਈ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਲੀਮੀਨੇਟਰ ਮੁਕਾਬਲੇ ਵਿੱਚ ਅੱਜ ਇਥੇ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਮਾਤ ਦਿੱਤੀ। ਮੁੰਬਈ ਇੰਡੀਅਨਜ਼ ਦਾ ਕੁਆਲੀਫਾਇਰ-2 ਤਹਿਤ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਅਹਿਮਦਾਬਾਦ ਵਿੱਚ ਮੁਕਾਬਲਾ ਹੋਵੇਗਾ ਜਿਸ ਮਗਰੋਂ ਫੈਸਲਾ ਹੋਵੇਗਾ ਕਿ ਫਾਈਨਲ ਮੁਕਾਬਲੇ ਵਿੱਚ ਚੇਨਈ ਸੁਪਰਕਿਗਜ਼ ਨਾਲ ਕਿਹੜੀ ਟੀਮ ਭਿੜੇਗੀ। 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੀ ਟੀਮ 16.3 ਓਵਰਾਂ ਵਿੱਚ 101 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਮੈਚ ਹਾਰ ਗਈ। ਵੇਰਵਿਆਂ ਅਨੁਸਾਰ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰਜਾਇੰਟਸ ਖ਼ਿਲਾਫ਼ ਅੱਠ ਵਿਕਟਾਂ ’ਤੇ 182 ਦੌੜਾਂ ਬਣਾਈਆਂ। ਕੈਮਰਨ ਗਰੀਨ ਨੇ 41 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸੂਰਿਆ ਕੁਮਾਰ ਯਾਦਵ (33) ਨਾਲ ਤੀਸਰੇ ਵਿਕਟ ਲਈ 38 ਗੇਂਦਾਂ ਵਿੱਚ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਹੇਠਲੇ ਮੱਧ ਕ੍ਰਮ ਵਿੱਚ ਤਿਲਕ ਵਰਮਾ (22 ਗੇਂਦਾਂ ਵਿੱਚ 26) ਅਤੇ ਨਿਹਾਲ ਵਢੇਰਾ (12 ਗੇਂਦਾਂ ਵਿੱਚ 23) ਨੇ ਉਪਯੋਗੀ ਪਾਰੀਆਂ ਖੇਡ ਕੇ ਟੀਮ ਦਾ ਸਕੋਰ 180 ਦੌੜਾਂ ਤੋਂ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸੁਪਰਜਾਇੰਟਸ ਤਰਫੋਂ ਨਵੀਨ ਉਲ ਹੱਕ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 38 ਦੌੜਾਂ ਦੇ ਕੇ ਚਾਰ ਖਿਡਾਰੀ ਆਊਟ ਕੀਤੇ। -ਪੀਟੀਆਈ