ਲਾਸ ਏਂਜਲਸ: ਅਮਰੀਕੀ ਮਾਡਲ ਅਤੇ ਮੀਡੀਆ ਹਸਤੀ ਕਿਮ ਕਾਰਦਾਸ਼ੀਆਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਪਿਆਰ ਕਰਦੇ ਰਹਿਣਾ ਚਾਹੁੰਦੀ ਹੈ ਹਾਲਾਂਕਿ ਉਹ ਆਪਣੇ ਆਪ ਨੂੰ ਰੁਮਾਂਟਿਕ ਨਹੀਂ ਸਮਝਦੀ। ਮਿਰਰ.ਕੋ.ਯੂਕੇ ਦੀ ਰਿਪੋਰਟ ਅਨੁਸਾਰ 42 ਸਾਲਾ ਮਾਡਲ ਨੇ ਕਿਹਾ ਕਿ ਉਹ ਕਿਸੇ ਨਾਲ ਜ਼ਿੰਦਗੀ ਜਿਊਣ ਦਾ ਵਿਚਾਰ ਪਸੰਦ ਕਰਦੀ ਹੈ ਪਰ ਛੇ ਮਹੀਨੇ ਪਹਿਲਾਂ ਰੈਪਰ ਕੈਨੀ ਵੈਸਟ ਨਾਲ ਤਲਾਕ ਹੋਣ ਮਗਰੋਂ ਉਹ ਆਪਣਾ ਸਮਾਂ ਲੈ ਰਹੀ ਹੈ। 45 ਸਾਲਾ ਸੰਗੀਤ ਕਲਾਕਾਰ ਨੇ ਕਿਮ ਨਾਲ ਤਲਾਕ ਮਗਰੋਂ ਜਨਵਰੀ ਵਿੱਚ ਯੀਜ਼ੀ ਆਰਕੀਟੈਕਟ ਬਿਆਂਕਾ ਸੇਨਸਰੀ ਨਾਲ ਵਿਆਹ ਕਰਵਾ ਲਿਆ ਸੀ। ਮਿਰਰ.ਕੋ.ਯੂਕੇ ਅਨੁਸਾਰ ਜੈ ਸ਼ੈੱਟੀ ਦੇ ਪੋਡਕਾਸਟ ‘ਆਨ ਪਰਪਜ਼’ ਵਿੱਚ ਕਿਮ ਨੇ ਕਿਹਾ ਕਿ ਉਹ ਸਿੰਗਲ ਹੋਣ ਦੇ ਬਾਵਜੂਦ ਇਕੱਲੀ ਨਹੀਂ ਹੈ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਕਾਫੀ ਕੁੱਝ ਚੱਲ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਮੁੜ ਕਦੇ ਕਿਸੇ ਨਾਲ ਪਿਆਰ ਕਰੇਗੀ, ਕਿਮ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਰੁਮਾਂਟਿਕ ਨਹੀਂ ਹਾਂ ਪਰ ਹਮੇਸ਼ਾ ਪਿਆਰ ਵਿੱਚ ਰਹਿਣਾ ਚਾਹੁੰਦੀ ਹਾਂ। ਮੈਂ ਯਕੀਨੀ ਤੌਰ ’ਤੇ ਕਿਸੇ ਨਾਲ ਆਪਣੀ ਜ਼ਿੰਦਗੀ ਸਾਂਝੀ ਕਰਨੀ ਚਾਹੁੰਦੀ ਹਾਂ।’’ ਉਸ ਨੇ ਕਿਹਾ, ‘‘ਮੈਂ ਯਕੀਨੀ ਤੌਰ ’ਤੇ ਸਮਾਂ ਲਵਾਂਗੀ। ਮੈਂ ਹਮੇਸ਼ਾ ਪਿਆਰ ’ਤੇ ਭਰੋਸਾ ਰੱਖਾਂਗੀ ਅਤੇ ਹਮੇਸ਼ਾ ਇਹ ਚਾਹਾਂਗੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਸਮਾਂ ਲੈ ਸਕਦੀ ਹਾਂ। ਇਸ ਵਿੱਚ ਕੋਈ ਜਲਦਬਾਜ਼ੀ ਨਹੀਂ। ਮੇਰੀ ਜ਼ਿੰਦਗੀ ਵਿੱਚ ਬਹੁਤ ਕੁੱਝ ਹੋ ਰਿਹਾ ਹੈ। ਮੈਂ ਇਕੱਲੀ ਨਹੀਂ ਹਾਂ।’’ -ਆਈਏਐੱਨਐੱਨਸ