ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਮਈ
ਐੱਸਟੀਐੱਫ ਅੰਬਾਲਾ ਨੇ ਸ਼ਹਿਰ ਦੇ ‘ਆਪ’ ਨੇਤਾ ਮੱਖਣ ਸਿੰਘ ਲੁਬਾਣਾ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸ ਦੇ ਘਰ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ 25 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਵਿੱਕੀ ਗਰਗ ਉਰਫ਼ ਲਾਲਾ ਨਿਵਾਸੀ ਸ਼ਕਤੀ ਨਗਰ (ਮਾਨਵ ਚੌਕ) ਅੰਬਾਲਾ ਸ਼ਹਿਰ ਨੂੰ ਸ਼ਾਹਬਾਦ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਐੱਸਟੀਐੱਫ ਨੇ ਮੁਲਜ਼ਮ ਕੋਲੋਂ ਛੇ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਹਨ ਅਤੇ ਹੋਰ ਪੁੱਛ-ਗਿੱਛ ਲਈ ਅੱਜ ਅਦਾਲਤ ਵਿਚ ਪੇਸ਼ ਕਰਕੇ ਛੇ ਦਿਨ ਦੇ ਰਿਮਾਂਡ ’ਤੇ ਲਿਆ ਹੈ। ਗੈਂਗਸਟਰ ਵਿੱਕੀ ਨੇ ਹੀ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਨੇ ਮੱਖਣ ਸਿੰਘ ਲੁਬਾਣਾ ਪਾਸੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਨਾ ਦੇਣ ਦੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਸੀ।ਇਸ ਤੋਂ ਬਾਅਦ ਬਦਮਾਸ਼ਾਂ ਨੇ 27 ਅਪ੍ਰੈਲ ਨੂੰ ‘ਆਪ’ ਨੇਤਾ ਲੁਬਾਣਾ ਦੇ ਘਰ ਫਾਇਰਿੰਗ ਕੀਤੀ ਸੀ। ਐੱਸਟੀਐੱਫ ਨੇ ਲਾਰੈਂਸ ਦੇ ਗੁਰਗੇ ਮਾਜਰੀ ਮੁਹੱਲਾ ਸ਼ਾਹਬਾਦ ਨਿਵਾਸੀ ਸਾਹਿਲ ਖਰੌੜ ਉਰਫ਼ ਪਰਜਾਪਤੀ ਅਤੇ ਕ੍ਰਿਸ਼ਨ ਕੁਮਾਰ ਉਰਫ਼ ਲਵਲੀ ਰਾਜਪੂਤ ਉਰਫ਼ ਲੰਬੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਸ਼ੂਟਰਾਂ ਨੇ ਰਿਮਾਂਡ ਦੌਰਾਨ ਸ਼ਸ਼ਾਂਕ ਪਾਂਡੇ ਸਮੇਤ ਤਿੰਨ ਜਣਿਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ