ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਮਈ
ਬਹਿਰੀਨ ਦੇ ਮਨਾਮਾ ਵਿੱਚ ਹੋਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਤਗ਼ਮੇ ਜਿੱਤੇ ਹਨ। ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੇ ਪੈਟਰਨ ਇਨ ਚੀਫ਼ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਭਾਰਤ ਨੇ 3 ਸੋਨੇ, 8 ਚਾਂਦੀ ਅਤੇ 12 ਕਾਂਸੀ ਦੇ ਤਗ਼ਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਪ੍ਰਮੋਦ ਭਗਤ ਨੇ ਸਿੰਗਲਜ਼, ਨਿਤਿਆ ਸਨੇਹ ਅਤੇ ਰਚਨਾ ਪਟੇਲ ਦੀ ਜੋੜੀ ਨੇ ਮਹਿਲਾ ਡਬਲਜ਼ ਅਤੇ ਪ੍ਰਮੋਦ ਭਗਤ-ਸੁਕਾਂਤ ਕਦਮ ਦੀ ਜੋੜੀ ਨੇ ਪੁਰਸ਼ਾਂ ਦੇ ਡਬਲਜ਼ ’ਚ ਸੋਨੇ ਦੇ ਮੈਡਲ ਜਿੱਤੇ ਹਨ। ਸਿੰਗਲਜ਼ ਵਿਚ ਨਿਤੇਸ਼ ਕੁਮਾਰ, ਸੁਹਾਸ, ਤੁਲਸੀਮਠੀ, ਕ੍ਰਿਸ਼ਨਾ ਨਾਗਰ, ਪ੍ਰੇਮ ਕੁਮਾਰ ਆਲੇ ਅਤੇ ਡਬਲਜ਼ ਵਿਚ ਨਿਤਿਸ਼ ਕੁਮਾਰ-ਤਰੁਣ ਢਿੱਲੋਂ, ਚਿਰਾਗ ਬਰੇਠਾ-ਰਾਜ ਕੁਮਾਰ ਅਤੇ ਮਾਨਸੀ ਜੋਸ਼ੀ-ਤੁਲਸੀਮਠੀ ਦੀ ਜੋੜੀ ਨੇ ਚਾਂਦੀ ਦੇ 8 ਮੈਡਲ ਜਿੱਤੇ। ਇਨ੍ਹਾਂ ਤੋਂ ਇਲਾਵਾ ਸਿੰਗਲਜ਼ ਵਿਚ ਮਨੋਜ ਸਰਕਾਰ, ਮਨਦੀਪ ਕੌਰ, ਮਾਨਸੀ ਜੋਸ਼ੀ, ਪਲਕ ਕੋਹਲੀ, ਚਿਰਾਗ ਬਰੇਠਾ, ਮਨੀਸ਼ਾ ਰਾਮਦਾਸ ਅਤੇ ਨਿਤਿਆ ਸਨੇਹ ਤੇ ਡਬਲਜ਼ ਵਿਚ ਨਿਤਿਆ ਸਨੇਹ-ਸ਼ਿਵਰਾਜਨ, ਪ੍ਰਮੋਦ ਭਗਤ-ਮਨੀਸ਼ਾ ਰਾਮਦਾਸ, ਮਨੋਜ ਸਰਕਾਰ-ਦੀਪ ਰਾਜਨ, ਹਾਰਦਿਕ ਮੱਕੜ-ਰਿਤਿਕ, ਰਘੂਪਤੀ-ਪਾਰੁਲ, ਪਰਮਾਰ-ਸ਼ਾਤੀਆ ਬੀ ਨੇ ਕਾਂਸੀ ਦੇ 12 ਮੈਡਲ ਜਿੱਤੇ ਹਨ।