ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 25 ਮਈ
ਇੱਥੋਂ ਨਜ਼ਦੀਕੀ ਸਥਿਤ ਬੁਟਾਹਰੀ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਚਨਚੇਤ ਛਾਪਾ ਮਾਰ ਕੇ ਸਟਾਫ਼ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪਣੇ ਕੰਮ ਕਰਵਾਉਣ ਲਈ ਬਿਜਲੀ ਦਫਤਰ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਭਾਗ ਸਬੰਧੀ ਜਾਣਕਾਰੀ ਲਈ ਅਤੇ ਸੁਝਾਅ ਵੀ ਲਏ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ ਦਫ਼ਤਰੀ ਸਮੇਂ ਨੂੰ ਹਰ ਹਾਲਤ ਲਾਗੂ ਕੀਤਾ ਜਾਵੇ ਅਤੇ ਸਵੇਰੇ ਸਮੇਂ ਸਿਰ ਦਫਤਰ ਪਹੁੰਚ ਕੇ ਲੋਕਾਂ ਦੇ ਕੰਮ ਤਰਜੀਹ ਅਧਾਰ ਉੱਤੇ ਕੀਤੇ ਜਾਣੇ ਯਕੀਨੀ ਬਣਾਏ ਜਾਣ।
ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਖਪਤਕਾਰ ਨੂੰ ਬਿਨਾ ਵਜ੍ਹਾ ਪ੍ਰੇਸ਼ਾਨ ਨਾ ਕਰਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਬਹੁਤ ਸਖਤ ਹੈ ਅਤੇ ਇਸ ਸਬੰਧੀ ਰਤੀ ਭਰ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਈਟੀਓ ਨੇ ਕਿਹਾ ਅਗਲੇ ਦਿਨਾਂ ’ਚ ਪੰਜਾਬ ਦੇ ਹੋਰਨਾਂ ਦਫ਼ਤਰਾਂ ਦੀ ਵੀ ਅਚਾਨਕ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਗਰਮੀ ਦੇ ਮੱਦੇਨਜ਼ਰ ਤਬਦੀਲ ਕੀਤੇ ਦਫ਼ਤਰੀ ਸਮੇਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾ ਸਕੇ।