ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ 11 ਦੀ ਟਿੱਬਾ ਕਲੋਨੀ ’ਚ ਗੱਡੀ ਖੜ੍ਹੀ ਕਰਨ ਸਬੰਧੀ ਗੁਆਂਢੀਆਂ ਵਿੱਚ ਹੋਏ ਵਿਵਾਦ ਤਹਿਤ ਸਿਟੀ ਪੁਲੀਸ ਨੇ ਸੁਨੀਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਆਂਢੀ ਰਵਿੰਦਰ, ਭਾਰਤੀ ਅਤੇ ਸੱਤਪਾਲ ਖਿਲਾਫ਼ ਕੁੱਟਮਾਰ ਕਰਨ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਕੱਲ ਸ਼ਾਮ ਜਦੋਂ ਉਹ ਆਪਣੀ ਦੁਕਾਨ ਤੋਂ ਘਰ ਕੋਲ ਗਲੀ ਵਿਚ ਪਹੁੰਚਿਆ ਤਾਂ ਉਨ੍ਹਾਂ ਦੇ ਗੁਆਂਢੀ ਸਤਪਾਲ ਨੇ ਗਲੀ ਵਿਚ ਆਪਣੀ ਗੱਡੀ ਖੜ੍ਹਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸਬੰਧਤ ਗਲੀ ’ਚ ਗੱਡੀ ਨਾ ਖੜ੍ਹੀ ਕਰਨ ਨੂੰ ਲੈ ਕੇ ਗੁਆਂਢੀ ਸਤਪਾਲ ਨੂੰ ਅਪੀਲ ਕੀਤੀ ਸੀ, ਪਰ ਉਹ ਉੱਚੀ ਆਵਾਜ਼ ਵਿੱਚ ਬੋਲਣ ਲੱਗਿਆ। ਇਸ ਉਪਰੰਤ ਉਸ ਦਾ ਭਤੀਜਾ ਭਾਰਤੀ ਅਤੇ ਇਕ ਹੋਰ ਰਵਿੰਦਰ ਉਥੇ ਆ ਗਏ ਤੇ ਉਸ ਨਾਲ ਨਾ ਕੇਵਲ ਕੁੱਟਮਾਰ ਕੀਤੀ, ਬਲਕਿ ਗਾਲ੍ਹਾਂ ਵੀ ਕੱਢੀਆਂ। ਪੁਲਸ ਨੇ 3 ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।