ਪੱਤਰ ਪ੍ਰੇਰਕ
ਮੁਕੇਰੀਆਂ, 25 ਮਈ
ਹਾਜੀਪੁਰ ਪੁਲੀਸ ਨੇ ਬੀਤੇ ਦਿਨ ਕਿਸੇ ਕਾਰਨ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਗਏ ਕੇਸ ਨੂੰ ਸੁਲਝਾਉਂਦਿਆਂ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਦੀ ਜਾਂਚ ਵਿੱਚ ਇਹ ਮਾਮਲਾ ਹਨੀ ਟਰੈਪ ਦਾ ਨਿਕਲਿਆ ਹੈ, ਜਿਸ ਵਿੱਚ ਖੁਦਕੁਸ਼ੀ ਕਰ ਗਏ ਦੁਕਾਨਦਾਰ ਵਿਕਾਸ ਦੱਤਾ ਨੂੰ ਇੱਕ ਸਾਜ਼ਿਸ਼ ਤਹਿਤ ਫਸਾਇਆ ਗਿਆ ਸੀ। ਪੁਲੀਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ, ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ 5 ਮਈ ਨੂੰ ਹਾਜੀਪੁਰ ਦੇ ਦੁਕਾਨਦਾਰ ਵਿਕਾਸ ਦੱਤਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਜਿਸ ਦੀ ਕੌਪੀਟਲ ਹਸਪਤਾਲ ਜਲੰਧਰ ਵਿਖੇ ਇਲਾਜ ਦੌਰਾਨ 7 ਮਈ ਨੂੰ ਮੌਤ ਹੋ ਗਈ ਸੀ। ਪੁਲੀਸ ਨੂੰ ਉਸ ਦੇ ਭਰਾ ਰਵਿੰਦਰ ਰਾਏ ਨੇ ਦੋ ਫੋਨ ਨੰਬਰ ਮੁਹੱਈਆ ਕਰਵਾਉਂਦਿਆਂ ਬਿਆਨ ਦਿੱਤੇ ਸਨ ਕਿ ਉਸ ਦੇ ਭਰਾ ਨੂੰ ਉਕਤ ਫੋਨ ਨੰਬਰਾਂ ਤੋਂ ਪੈਸੇ ਦੀ ਮੰਗ ਲਈ ਫੋਨ ਆਉਂਦੇ ਸਨ, ਜਿਸ ਤੋਂ ਤੰਗ ਆ ਕੇ ਵਿਕਾਸ ਦੱਤਾ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਡੀਐਸਪੀ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਨੂੰ ਕੌਪੀਟਲ ਹਸਪਤਾਲ ਲਿਜਾਂਦੇ ਸਮੇਂ ਦੋ ਨੰਬਰਾਂ ਤੋਂ ਵਾਰ ਵਾਰ ਫੋਨ ਆਇਆ ਸੀ। ਜਦੋਂ ਹਾਜੀਪੁਰ ਐਸਐਚਓ ਅਮਰਜੀਤ ਕੌਰ ਵਲੋਂ ਜਾਂਚ ਅੱਗੇ ਵਧਾਈ ਗਈ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਵਿਕਾਸ ਦੱਤਾ ਬੀਤੀ 5 ਮਈ ਨੂੰ ਸਲਮਾ ਨਾਮ ਦੀ ਔਰਤ ਨਾਲ ਮਨਾਰੋ ਵਾਸੀ ਪੁਆਰਾਂ ਦੇ ਘਰ ਗਿਆ ਸੀ। ਜਿੱਥੇ ਵਿਕਾਸ ਦੱਤਾ ਨੂੰ ਸਲਮਾ, ਸੋਨੀਆ, ਮਨਾਰੋ, ਚਰਨਜੀਤ ਕੌਰ, ਹਦਾਇਤਾਂ, ਆਸ਼ਾ ਅਤੇ ਬੱਗੀ ਨੇ ਲੜਕੀ ਦੇ ਪ੍ਰੇਮ ਜਾਲ ਵਿੱਚ ਫਸਾ ਕੇ ਵਿਕਾਸ ਦੱਤਾ ਦੀਆਂ ਇਤਰਾਜ਼ਯੋਗ ਵੀਡੀਓਜ਼ ਤੇ ਫੋਟੋਆਂ ਬਣਾ ਲਈਆਂ ਜਿਸ ਤੋਂ ਬਾਅਦ ਹਨੀ ਕੁਮਾਰ ਵਾਸੀ ਗੁਰਦਾਸਪੁਰ ਵਲੋਂ ਵਿਕਾਸ ਦੱਤਾ ਨੂੰ ਵੀਡੀਓ ਤੇ ਫੋਟੋਆਂ ਵਾਇਰਲ ਕਰਨ ਦਾ ਦਬਾਅ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਤੰਗ ਆ ਕੇ ਵਿਕਾਸ ਦੱਤਾ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ।