ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਮਈ
ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਵਪਾਰੀ, ਦੁਕਾਨਦਾਰ, ਹਸਪਤਾਲ ਅਤੇ ਰੋਡਵੇਜ਼ ਦੇ ਕੰਡਕਟਰ ਦੋ ਹਜ਼ਾਰ ਦਾ ਨੋਟ ਲੈਣ ਤੋਂ ਕੰਨੀਂ ਕਤਰਾ ਰਹੇ ਹਨ। ਅੰਬਾਲਾ ਜ਼ਿਲ੍ਹੇ ਦੇ ਸ਼ਰਾਬ ਦੇ ਇੱਕ ਠੇਕੇ ਦੇ ਬਾਹਰ ਬੈਨਰ ਲਾਇਆ ਗਿਆ ਹੈ ਕਿ ਦੋ ਹਜ਼ਾਰ ਦਾ ਨੋਟ ਨਹੀਂ ਲਿਆ ਜਾਵੇਗਾ। ਕਈ ਦੁਕਾਨਦਾਰ ਦੋ ਹਜ਼ਾਰ ਦਾ ਨੋਟ ਦੇਣ ਵਾਲੇ ਗਾਹਕ ਨੂੰ ਸਾਮਾਨ ਮਹਿੰਗਾ ਦੇ ਰਹੇ ਹਨ, ਜਦੋਂ ਕਿ ਆਰਬੀਆਈ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਦੋ ਹਜ਼ਾਰ ਦੇ ਨੋਟ 30 ਸਤੰਬਰ ਤੱਕ ਬਦਲੇ ਜਾਂ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਹਰਿਆਣਾ ਰੋਡਵੇਜ਼ ਵਿਚ ਸਫਰ ਕਰਨ ਵਾਲੇ ਦੀਪਕ ਨਾਂ ਦੇ ਇਕ ਮੁਸਾਫਰ ਨੇ ਤਾਂ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਟਵੀਟ ਕੀਤਾ ਹੈ ਕਿ ਕਿਵੇਂ ਫਰੀਦਾਬਾਦ ਡਿਪੂ ਦੀ ਬੱਸ ਦੇ ਕੰਡਕਟਰ ਨੇ ਦੋ ਹਜ਼ਾਰ ਰੁਪਏ ਦਾ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਬੱਸ ਦਾ ਨੰਬਰ ਵੀ ਦਿੱਤਾ ਹੈ।
ਇਸ ਸਬੰਧੀ ਅੰਬਾਲਾ ਦੇ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਵਪਾਰੀ ਦੋ ਹਜ਼ਾਰ ਦਾ ਨੋਟ ਨਹੀਂ ਲੈਂਦਾ ਤਾਂ ਸ਼ਿਕਾਇਤ ਮਿਲਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।