ਸਿਓਲ, 25 ਮਈ
ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਫ਼ੌਜਾਂ ਨੇ ਉੱਤਰ ਕੋਰੀਆ ਨਾਲ ਲਗਦੀ ਸਰਹੱਦ ਨੇੜੇ ਮਸ਼ਕਾਂ ਕੀਤੀਆਂ। ਉੱਤਰ ਕੋਰੀਆ ਨੇ ਧਮਕੀ ਦਿੱਤੀ ਹੈ ਕਿ ਉਹ ਇਹ ਹਰਕਤ ਬਰਦਾਸ਼ਤ ਨਹੀਂ ਕਰੇਗਾ। ਉਸ ਨੇ ਮਸ਼ਕਾਂ ਨੂੰ ਹਮਲਾ ਕਰਾਰ ਦਿੱਤਾ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਫ਼ੌਜਾਂ ਵੱਲੋਂ ਜੂਨ ਤੱਕ ਪੰਜ ਵਾਰ ਮਸ਼ਕਾਂ ਕੀਤੀਆਂ ਜਾਣਗੀਆਂ।
ਉੱਤਰ ਕੋਰੀਆ ਅਜਿਹੀਆਂ ਮਸ਼ਕਾਂ ਦਾ ਜਵਾਬ ਅਕਸਰ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੇ ਪ੍ਰੀਖਣ ਨਾਲ ਦਿੰਦਾ ਆਇਆ ਹੈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਮਸ਼ਕਾਂ ’ਚ 2500 ਜਵਾਨ ਅਤੇ ਲੜਾਕੂ ਜੈੱਟ, ਹੈਲੀਕਾਪਟਰ, ਡਰੋਨ, ਟੈਂਕ ਅਤੇ ਤੋਪਾਂ ਸਮੇਤ 610 ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਹਮਲਾ ਹੋਣ ’ਤੇ ਬਚਾਅ ਅਤੇ ਜਵਾਬੀ ਹਮਲੇ ਦੀ ਯੋਜਨਾ ਤਹਿਤ ਮਸ਼ਕਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਦੀਆਂ ਧਮਕੀਆਂ ਦੇ ਟਾਕਰੇ ਲਈ ਦੱਖਣੀ ਕੋਰੀਆ ਸ਼ਾਂਤਮਈ ਢੰਗ ਨਾਲ ਆਪਣੇ ਆਪ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਸਾਲ ਦੇ ਸ਼ੁਰੂ ’ਚ ਦੱਖਣ ਕੋਰੀਆ ਅਤੇ ਅਮਰੀਕੀ ਫ਼ੌਜ ਨੇ ਸਭ ਤੋਂ ਵੱਡੀਆਂ ਮਸ਼ਕਾਂ ਕੀਤੀਆਂ ਸਨ। ਅਮਰੀਕਾ ਨੇ ਸਾਂਝੀਆਂ ਮਸ਼ਕਾਂ ਲਈ ਪਰਮਾਣੂ ਸਮਰੱਥਾ ਵਾਲੇ ਯੂਐੱਸਐੱਸ ਨਿਮਿਟਜ਼ ਬੇੜਾ ਅਤੇ ਬੰਬਾਰ ਭੇਜੇ ਸਨ। -ਏਪੀ