ਨਵੀਂ ਦਿੱਲੀ/ਦੇਹਰਾਦੂਨ, 25 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਲੰਮਾ ਸਮਾਂ ਦੇਸ਼ ’ਤੇ ਰਾਜ ਕੀਤਾ ਤੇ ਜਿਹੜੀਆਂ ਹਾਈ-ਸਪੀਡ ਰੇਲਗੱਡੀਆਂ ਲਿਆਉਣ ਦੇ ਵੱਡੇ ਦਾਅਵੇ ਕਰਦੀਆਂ ਹਨ, ਅਜੇ ਤੱਕ ਪਰਿਵਾਰਵਾਦ ਦੀ ਸਿਆਸਤ ਦੀਆਂ ਬੰਦਿਸ਼ਾਂ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਸ੍ਰੀ ਮੋਦੀ ਉੱਤਰਾਖੰਡ ਲਈ ਪਹਿਲੀ ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਵਰਚੁਅਲੀ ਹਰੀ ਝੰਡੀ ਦੇਣ ਮੌਕੇ ਬੋਲ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘21ਵੀਂ ਸਦੀ ਦਾ ਭਾਰਤ ਆਪਣੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕਰਕੇ ਹੋਰ ਤੇਜ਼ੀ ਨਾਲ ਖ਼ੁਸ਼ਹਾਲ ਬਣ ਸਕਦਾ ਹੈ। ਪਰ ਸੱਤਾ ਵਿੱਚ ਲੰਮਾ ਸਮਾਂ ਰਹੀਆਂ ਪਾਰਟੀਆਂ ਨੇ ਪਹਿਲਾਂ ਇਸ ਦਾ ਅਹਿਸਾਸ ਨਹੀਂ ਕੀਤਾ। ਉਨ੍ਹਾਂ ਦਾ ਸਾਰਾ ਧਿਆਨ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਵਿੱਚ ਰਿਹਾ। ਉਹ ਪਰਿਵਾਰਵਾਦ ਦੀ ਸਿਆਸਤ ਦੀਆਂ ਬੰਦਿਸ਼ਾਂ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਉਨ੍ਹਾਂ ਹਾਈ-ਸਪੀਡ ਰੇਲਗੱਡੀਆਂ ਬਾਰੇ ਵੱਡੇ ਵੱਡੇ ਦਾਅਵੇ ਵੀ ਕੀਤੇ, ਪਰ ਸਾਲ ਲੰਘਦੇ ਗਏ ਤੇ ਕੁਝ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜਿਸ ਦੀ ‘ਨੀਯਤ’, ‘ਨੀਤੀ’ ਤੇ ‘ਨਿਸ਼ਠਾ’ ਵਿਕਾਸ ਦਾ ਟੀਚਾ ਹਾਸਲ ਕਰਨ ਦੀ ਹੈ। ਸ੍ਰੀ ਮੋਦੀ ਨੇ 2022 ਵਿੱਚ ਕੇਦਾਰਨਾਥ ’ਚ ਕੀਤੀ ਟਿੱਪਣੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਦਹਾਕਾ ਉੱਤਰਾਖੰਡ ਦਾ ਹੈ, ਨੂੰ ਯਾਦ ਕਰਦਿਆਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਅਤੇ ਬਹੁਤ ਸਾਰੇ ਸੜਕੀ, ਰੇਲ ਤੇ ਰੋਪਵੇਅ ਬੁਨਿਆਦੀ ਢਾਂਚਾ ਪ੍ਰਾਜੈਕਟ ਸੂਬੇ ਨੂੰ ਉਸੇ ਦਿਸ਼ਾ ’ਚ ਲਿਜਾ ਰਹੇ ਹਨ। ਸ੍ਰੀ ਮੋਦੀ ਨੇ ਚਾਰ ਧਾਮ ਯਾਤਰਾ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਉੱਤਰਾਖੰਡ ਦੇ ਲੋਕਾਂ ਲਈ ਵੱਡਾ ਤੋਹਫ਼ਾ ਦਸਦਿਆਂ ਕਿਹਾ ਕਿ ਇਸ ਤੋਂ ਪ੍ਰਧਾਨ ਮੰਤਰੀ ਦਾ ਉਨ੍ਹਾਂ ਪ੍ਰਤੀ ਪਿਆਰ ਝਲਕਦਾ ਹੈ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਤਿੰਨ ਮੁਲਕੀ ਫੇਰੀ ਮੁਕੰਮਲ ਕਰਨ ਮਗਰੋਂ ਇਥੇ ਪਾਲਮ ਹਵਾਈ ਅੱਡੇ ਦੇ ਬਾਹਰ ਜੁੜੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੇਰੀ ਦੌਰਾਨ ਹਰ ਕਿਸੇ ਨੇ ਉਨ੍ਹਾਂ ਨੂੰ ਭਾਰਤ ਦੇ ਪ੍ਰਤੀਨਿਧ ਵਜੋਂ ਸਤਿਕਾਰ ਦਿੱਤਾ ਅਤੇ ਇਹ ਮੋਦੀ ਦੀ ਵਡਿਆਈ ਬਾਰੇ ਨਹੀਂ ਬਲਕਿ ਭਾਰਤ ਦੀ ਤਾਕਤ ਬਾਰੇ ਸੀ। ਉਨ੍ਹਾਂ ਕਿਹਾ ਕਿ ਸਿਡਨੀ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰਾਂ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦੀ ਖੂਬਸੂਰਤੀ ਸੀ ਕਿ ਉਥੇ ਹਰ ਕੋਈ ਮੌਜੂਦ ਸੀ। ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਦਿੱਤੇ ਬਾਈਕਾਟ ਦੇ ਸੱਦੇ ਦਰਮਿਆਨ ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਬਹੁਤ ਅਹਿਮ ਹਨ। ਸ੍ਰੀ ਮੋਦੀ ਨੇ ਹਾਲਾਂਕਿ ਆਪਣੀ ਤਕਰੀਰ ’ਚ ਬਾਈਕਾਟ ਦੇ ਸੱਦੇ ਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਕੁੱਲ ਆਲਮ ਇਕ ਵੱਡੀ ਆਸ ਨਾਲ ਭਾਰਤ ਵੱਲ ਵੇਖ ਰਿਹਾ ਹੈ। ਉਨ੍ਹਾਂ ਕਿਹਾ, ‘‘ਜਿਸ ਤਰੀਕੇ ਅਸੀਂ ਆਪਣੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਹੈ, ਗਰੀਬੀ ਨਾਲ ਲੜੇ ਹਾਂ ਤੇ ਕੋਵਿਡ-19 ਚੁਣੌਤੀਆਂ ਦਾ ਸਾਹਮਣਾ ਕੀਤਾ ਹੈ…ਉਸ ਨਾਲ ਕੁੱਲ ਆਲਮ ਦਾ ਭਾਰਤ ਵਿੱਚ ਭਰੋਸਾ ਵਧਿਆ ਹੈ। ਹੋਰਨਾਂ ਮੁਲਕਾਂ ਦੇ ਲੋਕ ਭਾਰਤ ਆਉਣਾ ਤੇ ਇਸ ਨੂੰ ਸਮਝਣਾ ਚਾਹੁੰਦੇ ਹਨ।’’ -ਪੀਟੀਆਈ
ਮੋਦੀ ਸਰਕਾਰ ਦੇ ‘ਹੰਕਾਰ’ ਨੇ ਸੰਸਦੀ ਪ੍ਰਬੰਧ ‘ਉਜਾੜਿਆ’: ਕਾਂਗਰਸ
ਨਵੀਂ ਦਿੱਲੀ: ਉਦਘਾਟਨੀ ਸਮਾਗਮ ਦੇ ਬਾਈਕਾਟ ਦੇ ਸੱਦੇ ਤੋਂ ਇਕ ਦਿਨ ਮਗਰੋਂ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅੱਜ ਵੀ ਤਿੱਖੇ ਹਮਲੇ ਜਾਰੀ ਰੱਖੇ। ਪਾਰਟੀਆਂ ਨੇ ਸ੍ਰੀ ਮੋਦੀ ’ਤੇ ‘ਆਪਣੀ ਹੀ ਵਡਿਆਈ’ ਕਰਨ ਤੇ ਸਰਕਾਰ ’ਤੇ ‘ਹੰਕਾਰੀ’ ਹੋਣ ਦਾ ਦੋਸ਼ ਲਾਇਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ‘ਇਕ ਵਿਅਕਤੀ ਦੀ ਹਉਮੈ ਤੇ ਸਵੈ-ਤਰੱਕੀ ਦੀ ਖਾਹਿਸ਼’ ਨੇ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ ਇਮਾਰਤ ਦੇ ਉਦਘਾਟਨ ਦੇ ਆਪਣੇ ਸੰਵਿਧਾਨਕ ਹੱਕ ਤੋਂ ਵਾਂਝਿਆਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਮੋਦੀ ਸਰਕਾਰ ਦੇ ‘ਹੰਕਾਰ’ ਨੇ ਸੰਸਦੀ ਪ੍ਰਬੰਧ ਨੂੰ ‘ਤਬਾਹ’ ਕਰ ਦਿੱਤਾ ਹੈ। ਖੜਗੇ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਸ੍ਰੀ ਮੋਦੀ, ਸੰਸਦ ਲੋਕਾਂ ਵੱਲੋਂ ਸਥਾਪਿਤ ਜਮਹੂਰੀਅਤ ਦਾ ਮੰਦਰ ਹੈ। ਰਾਸ਼ਟਰਪਤੀ ਦਾ ਦਫ਼ਤਰ ਸੰਸਦ ਦਾ ਪਹਿਲਾ ਹਿੱਸਾ ਹੈ। ਤੁਹਾਡੀ ਸਰਕਾਰ ਦੇ ਹੰਕਾਰ ਨੇ ਸੰਸਦੀ ਪ੍ਰਬੰਧ ਨੂੰ ਤਬਾਹ ਕਰ ਦਿੱਤਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘140 ਕਰੋੜ ਭਾਰਤੀ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਭਾਰਤ ਦੀ ਰਾਸ਼ਟਰਪਤੀ ਕੋਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਅਧਿਕਾਰ ਖੋਹ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ।’’ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਰਾਸ਼ਟਰਪਤੀ ਮੁਰਮੂ ਨੇ ਲੰਘੇ ਦਿਨ ਰਾਂਚੀ ਵਿੱਚ ਝਾਰਖੰਡ ਹਾਈ ਕੋਰਟ ਕੰਪਲੈਕਸ ’ਚ ਦੇਸ਼ ਦੇ ਸਭ ਤੋਂ ਵੱਡੇ ਜੁਡੀਸ਼ੀਅਲ ਕੈਂਪਸ ਦਾ ਉਦਘਾਟਨ ਕੀਤਾ ਹੈ। ਇਕ ਵਿਅਕਤੀ ਦੀ ਹਉਮੈ ਤੇ ਸਵੈ-ਤਰੱਕੀ ਦੀ ਲਾਲਸਾ ਕਰਕੇ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ 28 ਮਈ ਨੂੰ ਨਵੀਂ ਦਿੱਲੀ ’ਚ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਉਨ੍ਹਾਂ ਦੇ ਸੰਵਿਧਾਨਕ ਹੱਕ ਤੋਂ ਵਾਂਝਿਆਂ ਕੀਤਾ ਜਾ ਰਿਹੈ।’’ ਰਮੇਸ਼ ਨੇ ਕਿਹਾ, ‘‘ਅਸ਼ੋਕ ਦਿ ਗ੍ਰੇਟ, ਅਕਬਰ ਦਿ ਗ੍ਰੇਟ, ਮੋਦੀ ਦੀ ਇਨੌਗੁਰੇਟ।’’
ਟੀਐੱਮਸੀ ਤਰਜਮਾਨ ਸਾਕੇਤ ਗੋਖਲੇ ਨੇ ਹਰੇਕ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਦਾ ਉਦਘਾਟਨ ਪ੍ਰਧਾਨ ਮੰਤਰੀ ਵਲੋਂ ਕਰਨ ਤੇ ਕੋਵਿਡ ਵੈਕਸੀਨੇਸ਼ਨਾਂ ’ਤੇ ਉਨ੍ਹਾਂ ਦੀ ਤਸਵੀਰ ਦੇ ਹਵਾਲੇ ਨਾਲ ਕਿਹਾ ਕਿ ਇਹ ‘ਨਿਜ਼ਾਮ ਦੀ ਪ੍ਰਮਾਣਿਕਤਾ ਦਾ ਚਿਨ੍ਹ’ ਹੈ। ਸੀਪੀਆਈ ਦੇ ਸੰਸਦ ਮੈਂਬਰ ਬਿਨੋਏ ਵਿਸਵਮ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਉਭਾਰੇ ਮਸਲਿਆਂ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ।
ਚੇਤੇ ਰਹੇ ਕਿ ਕਾਂਗਰਸ, ਸਪਾ, ਆਪ, ਤ੍ਰਿਣਮੂਲ ਕਾਂਗਰਸ ਤੇ ਖੱਬੇਪੱਖੀਆਂ ਸਣੇ 19 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਮਈ ਨੂੰ ਨਵੀਂ ਸੰਸਦ ਦੇ ਕੀਤੇ ਜਾਣ ਵਾਲੇ ਉਦਘਾਟਨੀ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਵੱਖਰੇ ਤੌਰ ’ਤੇ ਐਲਾਨ ਕੀਤਾ ਸੀ ਕਿ ਜੇਕਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਨਾ ਕੀਤਾ ਉਹ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ ਤੇਲਗੂ ਦੇਸਮ ਪਾਰਟੀ (ਟੀਡੀਪੀ) ਨੇ ਅੱਜ ਕਿਹਾ ਕਿ ਉਹ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਵੇਗੀ। ਟੀਡੀਪੀ ਸੁਪਰੀਮੋ ਐੱਨ.ਚੰਦਰਬਾਬੂ ਨਾਇਡੂ ਨੇ ਰਾਜ ਸਭਾ ਮੈਂਬਰ ਕੇ.ਰਵਿੰਦਰ ਕੁਮਾਰ ਨੂੰ 28 ਮਈ ਲਈ ਤਜਵੀਜ਼ਤ ਸਮਾਗਮ ਵਿੱਚ ਪਾਰਟੀ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਣ ਲਈ ਕਿਹਾ ਹੈ। ਟੀਡੀਪੀ ਦਾ ਰਾਜ ਸਭਾ ਵਿੱਚ ਇਕ ਤੇ ਲੋਕ ਸਭਾ ਵਿਚ ਤਿੰਨ ਸੰਸਦ ਮੈਂਬਰ ਹਨ। ਵਾਈਐੱਸਆਰ ਕਾਂਗਰਸ ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ.ਜਗਨਮੋਹਨ ਰੈੱਡੀ ਆਪਣੀ ਪਾਰਟੀ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਸਬੰਧੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। -ਪੀਟੀਆਈ
ਰਾਸ਼ਟਰਪਤੀ ਤੋਂ ਉਦਘਾਟਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਨਵੀਂ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕਰਵਾਉਣ ਲਈ ਲੋਕ ਸਭਾ ਸਕੱਤਰੇਤ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੈ ਜਿਸ ’ਤੇ ਭਲਕੇ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਦੇ ਵਕੀਲ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਲੋਕ ਸਭਾ ਸਕੱਤਰੇਤ ਤੇ ਕੇਂਦਰ ਸਰਕਾਰ 28 ਮਈ ਦੇ ਉਦਘਾਟਨੀ ਸਮਾਗਮ ਲਈ ਰਾਸ਼ਟਰਪਤੀ, ਜੋ ‘ਦੇਸ਼ ਦੀ ਪ੍ਰਥਮ ਨਾਗਰਿਕ ਤੇ ਸੰਸਦ ਦੀ ਮੁਖੀ’ ਹੈ, ਨੂੰ ਸੱਦਾ ਨਾ ਦੇ ਕੇ ਸਿਖਰਲੇ ਸੰਵਿਧਾਨਕ ਅਹੁਦੇ ਨੂੰ ‘ਬੇਇੱਜ਼ਤ’ ਕਰ ਰਹੀ ਹੈ। ਇਹ ਪਟੀਸ਼ਨ ਅਜਿਹੇ ਮੌਕੇ ਦਾਖ਼ਲ ਕੀਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਤਜਵੀਜ਼ਤ ਉਦਘਾਟਨ ਕਰਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਐਡਵੋਕੇਟ ਜਯਾ ਸੁਕਿਨ ਵੱਲੋਂ ਦਾਇਰ ਪਟੀਸ਼ਨ ਵਿਚ ਲੋਕ ਸਭਾ ਸਕੱਤਰੇਤ ਵੱਲੋਂ 18 ਮਈ ਨੂੰ ਜਾਰੀ ਬਿਆਨ ਤੇ ਸਕੱਤਰ ਜਨਰਲ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਜਾਰੀ ਸੱਦੇ ਨੂੰ ਸੰਵਿਧਾਨ ਦੀ ਖਿਲਾਫ਼ਵਰਜ਼ੀ ਦੱਸਿਆ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ, ‘‘ਸੰਵਿਧਾਨ ਦੀ ਧਾਰਾ 79 ਮੁਤਾਬਕ ਭਾਰਤ ਦੇ ਰਾਸ਼ਟਰਪਤੀ ਤੇ ਦੋਵੇਂ ਸਦਨ ਸੰਸਦ ਦਾ ਹਿੱਸਾ ਹਨ, ਪਰ ਸਬੰਧਤ ਧਿਰਾਂ ਵੱਲੋਂ ਸੰਵਿਧਾਨ ਦਾ ਪਾਲਣ ਨਹੀਂ ਕੀਤਾ ਜਾ ਰਿਹੈ।’’ -ਪੀਟੀਆਈ