ਪੱਤਰ ਪ੍ਰੇਰਕ
ਜੈਤੋ, 25 ਮਈ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਥੇ ਐੱਸਡੀਐੱਮ ਦਫ਼ਤਰ ਅੱਗੇ 24 ਮਈ ਤੋਂ ਸ਼ੁਰੂ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਯੂਥ ਵਿੰਗ ਦੇ ਸੂਬਾਈ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਦੀ ਅਗਵਾਈ ’ਚ ਚੱਲ ਰਹੇ ਇਸ ਮੋਰਚੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਮਜ਼ਦੂਰਾਂ ਨੂੰ ਸਸਤੇ ਰੇਟ ’ਤੇ ਦਿੱਤੀਆਂ ਜਾਣ, ਮਨਰੇਗਾ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ ਅਤੇ 100 ਦਿਨ ਦੀ ਸ਼ਰਤ ਹਟਾ ਕੇ ਸਾਰਾ ਸਾਲ ਕੰਮ ਦਿੱਤਾ ਜਾਵੇ। ਵੀਰਪਾਲ ਕੌਰ ਬਿਸ਼ਨੰਦੀ, ਗੁਰਦੀਪ ਸਿਘ ਰੋੜੀਕਪੂਰਾ ਆਦਿ ਨੇ ਕਿਹਾ ਕਿ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਬੇਘਰਿਆਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਮੁਫ਼ਤ ਦਿੱਤੇ ਜਾਣ ਅਤੇ ਘਰ ਦੀ ਉਸਾਰੀ ਲਈ ਸਰਕਾਰ ਫੰਡ ਜਾਰੀ ਕਰੇ। ਮੀਂਹ ਨਾਲ ਢਹਿ ਗਏ ਘਰਾਂ ਲਈ ਸਰਕਾਰ ਵਿਸ਼ੇਸ਼ ਗਰਾਂਟ ਦੇਵੇ। ਪਿੰਡ ਬਿਸ਼ਨੰਦੀ ਦੇ ਮਜ਼ਦੂਰ ਦੀ ਕਥਿਤ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਅੰਗਰੇਜ਼ ਸਿੰਘ (ਗੋਰਾ ਮੱਤਾ) ’ਤੇ ਦਰਜ ਕਥਿਤ ਝੂਠਾ ਪੁਲੀਸ ਕੇਸ ਰੱਦ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਇਹ ਮੋਰਚਾ ਜਾਰੀ ਰਹੇਗਾ।