ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 100 ਫੀਸਦ ਰਿਹਾ। ਨਾਨ -ਮੈਡੀਕਲ ਸਟਰੀਮ ਦੀ ਵਿਦਿਆਰਥਣ ਹਰਜੋਤ ਕੌਰ ਨੇ 491 (98.2 ਫੀਸਦ) ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਵਿੱਚ 9ਵਾਂ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਮਨਪ੍ਰੀਤ ਕੌਰ ਨੇ 94.4 ਫੀਸਦ, ਹੀਨਾ ਨੇ 93.2 ਫੀਸਦ, ਗਗਨਪ੍ਰੀਤ ਕੌਰ ਨੇ 92 ਫੀਸਦ ਅਤੇ ਜਸ਼ਨਪ੍ਰੀਤ ਕੌਰ ਨੇ 91 ਫੀਸਦ ਅੰਕ ਪ੍ਰਾਪਤ ਕੀਤੇ। ਮੈਡੀਕਲ ਸਟਰੀਮ ਵਿੱਚ ਦੀਪਿਕਾ, ਹੀਨਾ ਭੱਟੀ ਅਤੇ ਸ਼ਿਵਾਲੀ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਮਰਸ ਸਟਰੀਮ ਵਿੱਚ ਅੰਕੁਸ਼ ਭਾਟੀਆ ਨੇ 93.4 ਫੀਸਦ ਅਤੇ ਹਿਊਮੈਨਟੀਜ਼ ਸਟਰੀਮ ਵਿੱਚ ਨਾਨਕਵੀਰ ਸਿੰਘ ਨੇ 95.4 ਫੀਸਦ, ਜਸ਼ਨਪ੍ਰੀਤ ਕੌਰ ਨੇ 93.4 ਫੀਸਦ, ਸਰਵਪ੍ਰੀਤ ਕੌਰ ਨੇ 91 ਫੀਸਦ, ਰਾਹੁਲ ਨੇ 91 ਫੀਸਦ, ਰਮਨ ਭੱਟੀ, ਜੈਸਮੀਨ,ਭਵਪ੍ਰੀਤ ਅਤੇ ਵਿਸ਼ਾਲ ਨੇ 90 ਫੀਸਦ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਪੰਜਾਬ ਮੈਰਿਟ ਵਿੱਚ ਆਈ ਵਿਦਿਆਰਥਣ ਹਰਜੋਤ ਕੌਰ ਨੂੰ ਐੱਲ.ਸੀ.ਡੀ. ਅਤੇ ਹੋਰ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ।