ਮੰਗਲੂਰੂ (ਪੀਟੀਆਈ): ਸਥਾਨਕ ਮੰਗਲੂਰੂ ਕੌਮਾਂਤਰੀ ਹਵਾਈਅੱਡੇ ’ਤੇ ਅੱਜ ਦੁਬਈ ਜਾਣ ਵਾਲੇ ਇੰਡੀਗੋ ਕੰਪਨੀ ਦੇ ਇੱਕ ਹਵਾਈ ਜਹਾਜ਼ ਨੂੰ ਰਨਵੇਅ ਵੱਲ ਲਿਜਾਂਦਿਆਂ ਉਸ ਵਿੱਚ ਇੱਕ ਪੰਛੀ ਆ ਵੱਜਿਆ, ਜਿਸ ਮਗਰੋਂ ਇਸ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 8.30 ਵਜੇ ਵਾਪਰੀ ਜਦੋਂ ਉਡਾਣ ਲਈ ਬਿਲਕੁਲ ਤਿਆਰ ਇਸ ਜਹਾਜ਼ ਦੇ ਖੰਭ ਨਾਲ ਇੱਕ ਪੰਛੀ ਟਕਰਾ ਗਿਆ। ਜਹਾਜ਼ ਦੇ ਪਾਇਲਟ ਵੱਲੋਂ ਤੁਰੰਤ ਇਸ ਦੀ ਸੂਚਨਾ ਏਅਰ ਟਰੈਫਿਕ ਕੰਟਰੋਲ ਨੂੰ ਦਿੱਤੀ ਗਈ, ਜਿਸ ਮਗਰੋਂ ਇਹ ਉਡਾਣ ਰੱਦ ਕਰ ਦਿੱਤੀ ਗਈ ਤੇ ਜਹਾਜ਼ ਵਿੱਚ ਸਵਾਰ ਸਾਰੇ 160 ਯਾਤਰੀਆਂ ਨੂੰ ਵੀ ਹੇਠਾਂ ਲਾਹ ਲਿਆ ਗਿਆ। ਇਸ ਘਟਨਾ ਕਰਕੇ ਕੁਝ ਸਮਾਂ ਹਵਾਈਅੱਡੇ ’ਤੇ ਮਾਹੌਲ ਤਣਾਅਪੂਰਨ ਰਿਹਾ, ਪਰ ਮਗਰੋਂ ਸਾਰੇ ਯਾਤਰੀਆਂ ਨੂੰ ਬੰਗਲੂਰੂ ਤੋਂ ਆਈ ਇੱਕ ਹੋਰ ਉਡਾਣ ਰਾਹੀਂ ਦੁਬਈ ਲਈ ਰਵਾਨਾ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਤਕਨੀਕੀ ਮਾਹਰਾਂ ਵੱਲੋਂ ਰੋਕੇ ਗਏ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।