ਝੁੱਗੀਆਂ ਨੂੰ ਲੱਗੀ ਅੱਗ, ਇਕ ਜਣਾ ਬੁਰੀ ਤਰ੍ਹਾਂ ਝੁਲਸਿਆ, ਮੌਕੇ ‘ਤੇ ਮੌਤ

ਮਾਹਿਲਪੁਰ, 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰਵਾਰ ਇੱਕ ਧਾਰਮਿਕ ਸਥਾਨ ਨਜ਼ਦੀਕ ਦੁਪਹਿਰ 3 ਵਜੇ ਦੇ ਕਰੀਬ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ 20 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਜਦਕਿ ਅੱਧਾ ਦਰਜ਼ਨ ਝੁੱਗੀਆਂ ਦਾ ਬਚਾਅ ਹੋ ਗਿਆ। ਇਸ ਅੱਗ ਦੀ ਘਟਨਾ ਵਿਚ ਮਜ਼ਦੂਰਾਂ ਦੇ ਕੱਪੜੇ, ਮੰਜੇ, ਦਾਣੇ, ਪੈਸੇ, ਗਹਿਣੇ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੇ ਮੁਖ਼ੀ ਸੁਖ਼ਵਿੰਦਰ ਸਿੰਘ, ਚੌਕੀ ਇੰਚਾਰਜ਼ ਜੇਜੋਂ ਦੁਆਬਾ ਸੁਖ਼ਵਿੰਦਰ ਸਿੰਘ ਪੁਲਿਸ ਪਾਰਟੀ ਲੈ ਕੇ ਮੌਕੇ ‘ਤੇ ਪਹੁੰਚ ਗਏ।
ਹਲਕਾ ਵਿਧਾਇਕ ਡਾ ਰਾਜ ਕੁਮਾਰ ਨੇ ਵੀ ਮੌਕੇ ‘ਤੇ ਪਹੁੰਚ ਕੇ ਪੀੜਿਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ। ਪ੍ਰਾਪਤ ਜਾਣਕਾਰੀ ਝੁੱਗੀਆਂ ਵਿਚ ਰਹਿੰਦੇ ਤੁਲਾ ਰਾਮ, ਛੋਟੇ ਲਾਲ, ਚੰਦਰਪਾਲ, ਦਵਿੰਦਰਪਾਲ, ਪੱਪੂ, ਨੰਨ੍ਹਾ, ਬੱਚੂ ਰਾਮ ਦੀ ਅਗਵਾਈ ਹੇਠ ਪਵ੍ਰਾਸੀ ਮਜ਼ਦੂਰਾਂ ਨੇ ਦੱਸਿਆ ਕਿ ਇਸ ਸਥਾਨ ‘ਤੇ ਉਹ ਉੱਤਰ ਪ੍ਰਦੇਸ਼ ਦੇ ਜਿਲ੍ਹਾ ਬਦਾਯੂੰ ਤੋਂ ਆ ਕੇ ਪਿਛਲੇ 12 ਸਾਲਾਂ ਤੋਂ ਰਹਿ ਰਹੇ ਹਨ ਅਤੇ ਖ਼ੇਤਾਂ ਵਿਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਦੁਪਹਿਰ ਵੇਲੇ ਉਹ ਖ਼ੇਤਾਂ ਵਿਚ ਕੰਮ ਕਰਨ ਗਏ ਹੋਏ ਸਨ ਅਤੇ ਘਰਾਂ ਦੀਆਂ ਔਰਤਾਂ ਵੀ ਕੰਮ ‘ਤੇ ਗਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਝੁੱਗੀਆਂ ਵਿਚ ਸਿਰਫ਼ ਬੱਚੇ ਅਤੇ ਇੱਕ ਅੰਗਹੀਣ ਵਿਅਕਤੀ ਖ਼ੇਮਕਰਨ ਪੁੱਤਰ ਗੱਗੀ ਹੀ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਇੱਕ ਝੁੱਗੀ ਵਿੱਚੋਂ ਅੱਗ ਦੀ ਚਿੰਗਆਰੀ ਨਿੱਕਲੀ ਅਤੇ ਉਸ ਨਾਲ ਅੱਗ ਲੱਗ ਗਈ ਅਤੇ ਦੇਖ਼ਦੇ ਦੇਖ਼ਦੇ ਹੀ ਸਾਰੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਕੁੱਝ ਹੀ ਸਮੇਂ ਵਿਚ ਸਭ ਕੁੱਝ ਸੜ ਕੇ ਸੁਆਹ ਹੋ ਗਿਆ।
ਬੱਚੇ ਝੁੱਗੀਆਂ ਵਿੱਚੋਂ ਚੀਕਾਂ ਮਾਰਦੇ ਬਾਹਰ ਭੱਜ ਗਏ ਜਦਕਿ ਇੱਕ ਝੁੱਗੀ ਵਿਚ ਮੌਜੂਦ ਖ਼ੇਮਕਰਨ ਜਿਉਂਦਾ ਹੀ ਸੜ ਗਿਆ। ਇਸ ਅੱਗ ਨਾਲ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਅੰਦਰ ਪਈ ਲੱਖ਼ਾਂ ਦੀ ਨਗਦੀ, ਕਣਕ, ਕੱਪੜੇ, ਗਹਿਣੇ, ਘਰੇਲੂ ਸਮਾਨ, ਮੰਜ਼ੇ, ਬਿਸਤਰੇ ਅਤੇ ਹੋਰ ਜਰੂਰੀ ਸਮਾਨ ਸੜ ਗਿਆ। ਲੋਕਾਂ ਨੇ ਟਿਊਬਵੈਲਾਂ ਦੇ ਪਾਣੀ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਹੋਰ ਝੁੱਗੀਆਂ ਨੂੰ ਸੜਨ ਤੋਂ ਰੋਕਿਆ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਮੌਕੇ ‘ਤੇ ਫ਼ੋਰਸ ਲੈ ਕੇ ਪਹੁੰਚੇ ਅਤੇ ਰਾਹਰ ਕੰਮ ਸ਼ੁਰੂ ਕਰਵਾਏ। ਮੌਕੇ ‘ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਪੀੜਿਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਤੁੰਰਤ ਤਰਪਾਲਾਂ ਅਤੇ ਹੋਰ ਜ਼ਰੂਰੀ ਸਮਾਨ ਭੇਜਣ ਦੀ ਕਵਾਇਦ ਆਰੰਭ ਕਰ ਦਿੱਤੀ।