ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਜੰਡਿਆਲਾ ਮੰਜਕੀ, (ਪੰਜਾਬੀ ਸਪੈਕਟ੍ਰ ਸਰਵਿਸ)- ਐਤਵਾਰ ਨੂੰ ਜੰਡਿਆਲਾ-ਜਲੰਧਰ ਰੋਡ ‘ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਫੱਟੜ ਹੋ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ ਆਪਣੇ ਦੋਸਤ ਬੌਬੀ ਪੁੱਤਰ ਜਸਵਿੰਦਰ ਵਾਸੀ ਉਸਮਾਨਪੁਰਾ ਕਾਲੋਨੀ,ਭੋਡੇ ਸਪਰਾਏ ਨਾਲ ਨਿੱਜੀ ਕੰਮ ਲਈ ਮੋਟਰਸਾਈਕਲ ‘ਤੇ ਜੰਡਿਆਲਾ ਵੱਲ ਜਾ ਰਿਹਾ ਸੀ ਤਾਂ ਉਕਤ ਹਾਦਸਾ ਵਾਪਰ ਗਿਆ।

ਉਸ ਨੇ ਦੱਸਿਆ ਕਿ ਟਰੱਕ ਵੱਲੋਂ ਸਾਈਡ ਮਾਰੇ ਜਾਣ ਕਾਰਨ ਉਹ ਅਤੇ ਉਸ ਦਾ ਦੋਸਤ ਬੌਬੀ ਸੜਕ ਵਿਚਕਾਰ ਡਿੱਗ ਪਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਦੇ ਅਗਲੇ ਟਾਇਰਾਂ ਥੱਲੇ ਜਾ ਵੜਿਆ ਤੇ ਜਿਸ ਨੂੰ ਘੜੀਸਦਾ ਹੋਇਆ ਟਰੱਕ ਦੂਰ ਤੱਕ ਲੈ ਗਿਆ!ਉਸ ਨੇ ਦੱਸਿਆ ਕਿ ਬੌਬੀ ਦੇ ਸੜਕ ਤੇ ਡਿੱਗਣ ਕਾਰਨ ਗਹਿਰੀ ਚੋਟ ਲੱਗੀ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਉਸ ਦੇ ਗੋਡੇ ਅਤੇ ਪੈਰ ਤੇ ਸੱਟ ਲੱਗੀ ਹੈ।