ਨਾਕੇ ‘ਤੇ ਰੋਕਣ ਤੇ ਏ.ਐਸ.ਆਈ ਨੂੰ ਬੋਨਟ ‘ਤੇ ਘਸੀਟਦਾ ਲੈ ਗਿਆ ਨੌਜਵਾਨ, ਪਿਓ-ਪੁੱਤਰ ਖਿਲਾਫ ਮਾਮਲਾ ਦਰਜ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ)  :ਜਲੰਧਰ ਸ਼ਹਿਰ ਦੇ ਮਿਲਕ ਬਾਰ ਚੌਕ ‘ਚ ਇਕ ਕਾਰ ਸਵਾਰ ਨੌਜਵਾਨ ਏਐੱਸਆਈ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ। ਪੁਲਿਸ ਨੇ ਥੋੜ੍ਹੀ ਦੂਰੀ ‘ਤੇ ਜਾ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਏਐੱਸਆਈ ਉੱਪਰ ਗੱਡੀ ਚੜ੍ਹਾਉਣ ਵਾਲੇ ਅਨਮੋਲ ਮਹਿਮੀ ਤੇ ਉਸ ਦੇ ਪਿਤਾ ਪਰਵਿੰਦਰ ਮਹਿਮੀ ਵਾਸੀ ਨਕੋਦਰ ਰੋਡ ਖਿਲਾਫ ਪੁਲਿਸ ਨੇ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਟਵੀਟ ਰਾਹੀਂ ਦਿੱਤੀ ਹੈ। ਸੂਤਰਾਂ ਅਨੁਸਾਰ ਮਿਲਕ ਬਾਰ ਚੌਕ ‘ਤੇ ਨਾਕੇ ‘ਤੇ ਖੜ੍ਹੇ ਮੁਲਾਜਮਾਂ ਨੇ ਐਰਟਿਗਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਉੱਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਉਕਤ ਨੌਜਵਾਨ ਕਰੀਬ 200 ਮੀਟਰ ਤਕ ਬੋਨੇਟ ‘ਤੇ ਘਸਟੀਦਾ ਲੈ ਗਿਆ। ਵਧੀਕ ਐੱਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ ‘ਚ ਲੈ ਕੇ ਥਾਣਾ 6 ਲੈ ਗਏ। ਪੁਲਿਸ ਵੱਲੋਂ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।