ਮਹੰਤ ਨੂੰ ਬੇਹੋਸ਼ ਕਰ ਕੇ ਰਾਈਫ਼ਲ, ਕਾਰਤੂਸ ਤੇ ਨਕਦੀ ਲੁੱਟਣ ਵਾਲੇ 3 ਕਾਬੂ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਨਿਰਮਲ ਕੁਟੀਆ ਆਦਮਪੁਰ ਦੇ ਗੱਦੀਨਸ਼ੀਨ ਮਹੰਤ ਨੂੰ ਬੇਹੋਸ਼ ਕਰ ਕੇ ਉਸ ਦੇ ਲਾਇਸੈਂਸੀ ਰਾਈਫਲ, ਕਾਰਤੂਸ ਤੇ ਨਕਦੀ ਚੋਰੀ ਕਰ ਕੇ ਮਹੰਤ ਦੀ ਹੀ ਗੱਡੀ ‘ਚ ਭੱਜਣ ਵਾਲੇ ਤਿੰਨ ਨੌਜਵਾਨਾਂ ਨੂੰ ਜਲੰਧਰ ਦਿਹਾਤ ਪੁਲਿਸ ਨੇ ਹਰਿਆਣਾ ਤੋਂ ਗਿ੍ਰਫਤਾਰ ਕਰ ਲਿਆ। ਪੁਲਿਸ ਨੇ ਚੋਰੀ ਕੀਤਾ ਸਾਮਾਨ ਵੀ ਬਰਾਮਦ ਕਰ ਲਿਆ ਹੈ।
ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 10 ਜੂਨ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਤਕਨੀਕੀ ਢੰਗ ਨਾਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕੀਤੀ ਗਈ ਤੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਪੰਜ ਟੀਮਾਂ ਤਿਆਰ ਕਰ ਕੇ ਉਨ੍ਹਾਂ ਨੂੰ ਹਰਿਆਣਾ ਦਿੱਲੀ ਅਤੇ ਰਾਜਸਥਾਨ ਭੇਜਿਆ ਗਿਆ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਪਿੱਛਾ ਕਰਦੇ ਹੋਏ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਵ ਕੁਮਾਰ ਸਰਮਾ ਦੀ ਟੀਮ ਫਤਿਹਪੁਰ ਪੁੱਦਰੀ ਪਿੰਡ ਪ੍ਰਦੀਪ ਕੁਮਾਰ ਉਰਫ ਬਜਰੱਗੀ ਪੁੱਤਰ ਲਛਮਣ ਦਾਸ ਦੇ ਘਰ ਪਹੁੰਚੀ ਤਾਂ ਉੱਥੇ ਤਿੰਨ ਨੌਜਵਾਨ ਹਾਜਰ ਮਿਲੇ। ਕਾਬੂ ਕਰ ਕੇ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂ ਪ੍ਰਦੀਪ ਕੁਮਾਰ ਵਾਸੀ ਫਤਹਿਪੁਰ ਪੁੱਦਰੀ ਜਿਲ੍ਹਾ ਕੈਥਲ ਹਰਿਆਣਾ, ਗੁਰਸੇਵਕ ਉਰਫ ਰਵੀ ਵਾਸੀ ਬਿਲਾਸਪੁਰ ਥਾਣਾ ਖਮਾਣੋਂ (ਫਤਹਿਗੜ੍ਹ ਸਾਹਿਬ) ਅਤੇ ਜਗਵੀਰ ਸਿੰਘ ਉਸ ਅਤੁਲ ਕੁਮਾਰ ਪਾਂਡੇ ਵਾਸੀ ਖਡੁਰੀ ਚੌਕ ਅੰਮਿ੍ਰਤਸਰ ਦੱਸਿਆ।
ਉਕਤ ਕਮਰੇ ਦੀ ਤਲਾਸੀ ਲੈਣ ‘ਤੇ ਪੁਲਿਸ ਨੂੰ ਨਿਰਮਲ ਕੁਟੀਆ ਵਿੱਚੋਂ ਚੋਰੀ ਕੀਤੇ ਗਏ ਰਾਈਫਲ, 55 ਕਾਰਤੂਸ, 19,851 ਰੁਪਏ ਨਕਦੀ ਤੇ ਮਕਾਨ ਦੇ ਬਾਹਰ ਖਲੋਤੀ ਗੱਡੀ ਜਿਸ ਦਾ ਨੰਬਰ ਬਦਲਿਆ ਹੋਇਆ ਸੀ, ਬਰਾਮਦ ਹੋਏ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਨੌਜਵਾਨਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਤੋਂ ਬਾਅਦ ਇਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਇਨ੍ਹਾਂ ਕੋਲੋਂ ਹੋਰ ਵੀ ਮਾਮਲੇ ਹੱਲ ਹੋਣ ਦੀ ਉਮੀਦ ਹੈ।