ਮੁੱਖ ਮੰਤਰੀ ਕੈਪਟਨ ਨੇ ਫੋਨ ਤੇ ਜਲੰਧਰ ਦੀ ਸਥਿਤੀ ਦਾ ਲਿਆ ਜਾਇਜ਼ਾ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਨਾਲ ਕੀਤੀ ਗੱਲਬਾਤ

ਜਲੰਧਰ, 28 ਅਪਰੈਲ (ਪੰਜਾਬੀ ਸਪੈਕਟ੍ਰਮ ਸਰਵਿਸ): ਜਿਲ੍ਹੇ ‘ਚ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਗਲਵਾਰ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਕੋਲੋਂ ਜਿਲ੍ਹੇ ‘ਚ ਕੋਰੋਨਾ ਵਾਇਰਸ ਦੇ ਪਾਜੇਟਿਵ ਆ ਰਹੇ ਮਰੀਜ਼ਾਂ ਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਵਲ ਸਰਜਨ ਡਾ. ਚਾਵਲਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਜੇਟਿਵ ਆਏ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ ਤੇ ਉੱਥੇ ਆਈਸੋਲੇਟ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਜੇਟਿਵ ਆਉਣ ਵਾਲੇ ਜਿਆਦਾ ਮਰੀਜ ਪਹਿਲਾਂ ਤੋਂ ਹੀ ਪਾਜੇਟਿਵ ਪਾਏ ਗਏ ਮਰੀਜਾਂ ਦੇ ਸੰਪਰਕ ‘ਚੋਂ ਹੀ ਹਨ। ਸਿਵਲ ਸਰਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਸਿਹਤ ਟੀਮਾਂ ਘਰ-ਘਰ ਜਾ ਕੇ ਮਰੀਜ਼ਾਂ ਦੀ ਪਛਾਣ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਬਾਹਰ ਨਾ ਨਿਕਲਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਪਾਜੇਟਿਵ ਦਾ ਇਲਾਜ ਕਰਨ ਦੇ ਨਾਲ-ਨਾਲ ਆਪਣਾ ਤੇ ਆਪਣੀ ਟੀਮ ਨੂੰ ਧਿਆਨ ਰੱਖਣ ਲਈ ਕਿਹਾ।