ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਪਤਾਰਾ,  (ਪੰਜਾਬੀ ਸਪੈਕਟ੍ਰਮ ਸਰਵਿਸ) : ਸਰਕਲ ਪਤਾਰਾ ‘ਚ ਚੋਰਾਂ ਨੇ ਬੀਤੀ ਰਾਤ ਪਿੰਡ ਨਰੰਗਪੁਰ ਜਲੰਧਰ ਵਿੱਚ ਖੂਹ ਤੇ ਰਹਿੰਦੇ ਕਿਸਾਨ ਦੇ ਘਰ ਨੂੰ ਨਿਸ਼ਾਨਾਂ ਬਣਾਇਆ ਤੇ ਲੱਖਾਂ ਰੁਪਏ ਦੇ ਗਹਿਣੇ, ਵਿਦੇਸ਼ੀ ਕਰੰਸੀ ਤੇ ਸਵਾ ਲੱਖ ਰੁਪਏ ਚੋਰੀ ਕਰਕੇ ਲੈ ਗਏ। ਪਿੰਡ ਨਰੰਗਪੁਰ ਦੇ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ ‘ਚ ਸੁੱਤੇ ਹੋਏ ਸਨ ਤੇ ਅੱਧੀ ਰਾਤ ਨੂੰ ਕਰੀਬ 2 ਵਜੇ ਚੋਰਾਂ ਨੇ ਪਹਿਲਾ ਘਰ ਦੀ ਪਿਛਲੀ ਦੀਵਾਰ ਤੋੜੀ ਤੇ ਅੰਦਰ ਦਾਖਲ ਹੋ ਕੇ ਘਰ ਦੇ ਕਮਰਿਆਂ ਦਾ ਦਰਵਾਜਾ ਬੰਦ ਕਰਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਘਰ ਦੀਆਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ 7 ਤੋਲੇ ਸੋਨਾ, ਇੱਕ ਲੱਖ 10 ਹਜ਼ਾਰ ਰੁਪਏ ਤੇ ਕੁੱਝ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ। ਮਨਪ੍ਰੀਤ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਟਰੰਕ ਖੇਤਾਂ ‘ਚ ਲਿਜਾ ਕੇ ਫਰੋਲਾ ਫਿਰਾਲੀ ਕੀਤੀ ਜੋ ਕਿ ਖੇਤਾਂ ‘ਚ ਪਏ ਮਿਲੇ ਉਨ੍ਹਾਂ ਕਿਹਾ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਥਾਣਾ ਪਤਾਰਾ ਦੀ ਪੁਲਿਸ ਨੂੰ ਚੋਰੀ ਦੀ ਘਟਨਾਂ ਬਾਰੇ ਜਾਣਕਾਰੀ ਦਿੱਤੀ। ਘਟਨਾਂਸਥਲ ਤੇ ਮੌਕਾ ਦੇਖਣ ਲਈ ਡੀਐਸੀ ਹਰਿੰਦਰ ਸਿੰਘ ਮਾਨ, ਥਾਣਾ ਪਤਾਰਾ ਦੇ ਐੱਸਐੱਚਓ ਦਲਜੀਤ ਸਿੰਘ, ਏਐੱਸਆਈ ਦਇਆ ਰਾਮ, ਏਐੱਸਆਈ ਸੁਖਦੇਵ ਰਾਜ ਪੁੱਜੇ ਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਐੱਸਐੱਚਓ ਪਤਾਰਾ ਦਲਜੀਤ ਸਿੰਘ ਨੇ ਕਿਹਾ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਚੋਰ ਜਲਦ ਕਾਬੂ ਕੀਤੇ ਜਾਣਗੇ।